ਬਠਿੰਡਾ, 14 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਵਿਚ ਰੇਹੜੀ-ਫੜੀ ਵਾਲਿਆਂ ਦੀ ਸਮੱਸਿਆ ਲੰਬੇ ਸਮੇਂ ਤੋਂ ਚੱਲ ਰਹੀ ਹੈ | ਸੜਕਾਂ, ਬਾਜ਼ਾਰਾਂ ਅਤੇ ਸਰਕਾਰੀ ਥਾਵਾਂ 'ਤੇ ਲੱਗੀਆਂ ਰੇਹੜੀਆਂ ਕਾਰਨ ਟਰੈਫ਼ਿਕ ਜਾਮ ਅਤੇ ਲੋਕਾਂ ਨੂੰ ਆਉਣ-ਜਾਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਮਾਮਲੇ ਸੰਬੰਧੀ ਆਰ.ਟੀ.ਆਈ. ਰਾਹੀਂ ਵੱਡਾ ਖ਼ੁਲਾਸਾ ਹੋਇਆ ਹੈ ਕਿ ਪਿਛਲੇ 6 ਸਾਲਾਂ ਦੌਰਾਨ ਨਗਰ ਨਿਗਮ ਬਠਿੰਡਾ ਵਲੋਂ ਸਿਰਫ਼ 3950 ਰੇਹੜੀ-ਫੜੀ ਵਾਲਿਆਂ ਦੇ ਲਾਇਸੈਂਸ ਬਣਾਏ ਗਏ ਹਨ ਅਤੇ ਇਨ੍ਹਾਂ ਤੋਂ ਕੁੱਲ 3 ਲੱਖ 1 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ | ਇਸ ਮੌਕੇ ਆਰ.ਟੀ.ਆਈ. ਐਕਟੀਵਿਸਟ ਸੰਜੀਵ ਗੋਇਲ ਨੇ ਦੱਸਿਆ ਕਿ ਉਸ ਵਲੋਂ 14 ਮਈ 2026 ਨੂੰ ਨਗਰ ਨਿਗਮ ਬਠਿੰਡਾ ਦੇ ਲੋਕ ਸੂਚਨਾ ਅਧਿਕਾਰੀ ਕੋਲ ਆਰ.ਟੀ.ਆਈ. ਅਰਜ਼ੀ ਲਗਾ ਕੇ ਸ਼ਹਿਰ ਵਿਚ ਮੌਜੂਦਾ ਰੇਹੜੀ-ਫੜੀ ਵਾਲਿਆਂ ਦੀ ਗਿਣਤੀ, ਲਾਇਸੈਸਾਂ ਅਤੇ ਆਮਦਨ ਸੰਬੰਧੀ ਜਾਣਕਾਰੀ ਮੰਗੀ ਗਈ ਸੀ | ਨਗਰ ਨਿਗਮ ਦੇ ਸੁਪਰਡੈਂਟ-ਕਮ-ਲੋਕ ਸੂਚਨਾ ਅਧਿਕਾਰੀ ਵਲੋਂ ਪੱਤਰ ਰਾਹੀ ਜਾਣਕਾਰੀ ਅਨੁਸਾਰ ਸਾਲ 2018-19 ਤੋਂ 2025-26 ਤੱਕ ਕੁੱਲ 3950 ਲਾਇਸੈਂਸ ਜਾਰੀ ਕੀਤੇ ਗਏ ਹਨ | ਆਰ.ਟੀ.ਆਈ. ਵਿਚ ਇਹ ਵੀ ਸਾਹਮਣੇ ਆਇਆ ਕਿ ਨਗਰ ਨਿਗਮ ਬਠਿੰਡਾ ਕੋਲ ਸ਼ਹਿਰ ਵਿਚ ਕੁੱਲ ਰੇਹੜੀ-ਫੜੀ ਵਾਲਿਆਂ ਦੀ ਗਿਣਤੀ ਜਾਂ ਅੰਦਾਜ਼ਨ ਗਿਣਤੀ ਦਾ ਕੋਈ ਰਿਕਾਰਡ ਮੌਜੂਦ ਨਹੀਂ ਹੈ | ਇਸ ਤੋਂ ਇਲਾਵਾ ਸਾਲ 2016 ਤੋਂ ਬਾਅਦ ਰੇਹੜੀ-ਫੜੀ ਵਾਲਿਆਂ ਦੀ ਗਿਣਤੀ ਸੰਬੰਧੀ ਕੋਈ ਸਰਵੇ ਵੀ ਨਹੀਂ ਕਰਵਾਇਆ ਗਿਆ | ਸੰਜੀਵ ਗੋਇਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਵਿਚ ਅੰਦਾਜ਼ਨ 10 ਹਜ਼ਾਰ ਦੇ ਕਰੀਬ ਰੇਹੜੀ-ਫੜੀ ਵਾਲੇ ਹੋ ਸਕਦੇ ਹਨ, ਜਦਕਿ ਨਗਰ ਨਿਗਮ ਦੇ ਪੁਰਾਣੇ ਰਿਕਾਰਡਾਂ ਵਿਚ ਵੀ ਕਰੀਬ 5 ਹਜ਼ਾਰ ਰੇਹੜੀ ਵਾਲਿਆਂ ਦਾ ਅੰਦਾਜ਼ਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕੋਰਟ ਰੋਡ, ਸਬਜ਼ੀ ਮੰਡੀ ਬਾਹਰ, ਰਾਜਿੰਦਰਾ ਕਾਲਜ ਨੇੜੇ, ਦਾਣਾ ਮੰਡੀ ਰੋਡ, ਮਾਲ ਰੋਡ, ਸਦਰ ਬਾਜ਼ਾਰ, ਕੀਕਰ ਬਾਜ਼ਾਰ, ਹਸਪਤਾਲ ਬਾਜ਼ਾਰ, ਸਿਰਕੀ ਬਾਜ਼ਾਰ, ਜੀ.ਟੀ. ਰੋਡ, ਸਿਵਲ ਹਸਪਤਾਲ ਨੇੜੇ ਅਤੇ ਹੋਰ ਕਈ ਥਾਵਾਂ 'ਤੇ ਰੇਹੜੀਆਂ-ਫੜੀਆਂ ਲੱਗੀਆਂ ਹੋਈਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਰੇਹੜੀ-ਫੜੀ ਵਾਲਿਆਂ ਲਈ ਨਿਯਮ ਅਤੇ ਪ੍ਰਬੰਧ ਹੋਣ ਦੇ ਬਾਵਜੂਦ ਸਥਿਤੀ ਵਿਚ ਕੋਈ ਵੱਡਾ ਸੁਧਾਰ ਨਹੀਂ ਆਇਆ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਰੇ ਰੇਹੜੀ-ਫੜੀ ਵਾਲਿਆਂ ਦੀ ਵੈਰੀਫਿਕੇਸ਼ਨ ਕਰਵਾ ਕੇ ਲਾਇਸੈਂਸ ਜਾਰੀ ਕੀਤੇ ਜਾਣ ਅਤੇ ਉਨ੍ਹਾਂ ਲਈ ਨਿਰਧਾਰਿਤ ਥਾਵਾਂ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਸ਼ਹਿਰ ਦੀ ਟਰੈਫ਼ਿਕ ਵਿਵਸਥਾ ਸੁਚਾਰੂ ਢੰਗ ਨਾਲ ਚੱਲ ਸਕੇ |