ਸੜਕਾਂ ’ਤੇ ਹਜ਼ਾਰਾਂ ਵਾਹਨ ਬੇਖ਼ੌਫ਼ ਦੌੜ ਰਹੇ
ਬਠਿੰਡਾ, 28 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਜ਼ਿਲ੍ਹੇ ਵਿਚ ਸੜਕਾਂ, ਗਲੀਆਂ ਅਤੇ ਹਾਈਵੇ ’ਤੇ ਚੱਲ ਰਹੇ ਜੁਗਾੜੂ ਵਾਹਨਾਂ ਨੂੰ ਲੈ ਕੇ ਇੱਕ ਆਰ.ਟੀ.ਆਈ. ਰਾਹੀਂ ਵੱਡਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਿਕ ਸਾਲ 2014 ਤੋਂ 2025 ਤੱਕ ਬਠਿੰਡਾ ਪੁਲਿਸ/ਟ੍ਰੈਫ਼ਿਕ ਪੁਲਿਸ ਵਲੋਂ ਸਿਰਫ਼ 14 ਜੁਗਾੜੂ ਵਾਹਨਾਂ ਨੂੰ ਹੀ ਬੰਦ ਕੀਤਾ ਗਿਆ ਹੈ। ਆਰ.ਟੀ.ਆਈ ਰਾਹੀ ਪ੍ਰਾਪਤ ਹੋਈ ਸੂਚਨਾ ਅਨੁਸਾਰ ਜਾਣਕਾਰੀ ਸਾਹਮਣੇ ਆਈ ਹੈ ਕਿ ਪਿਛਲੇ 12 ਸਾਲਾਂ ਦੌਰਾਨ ਜਿੱਥੇ ਬਠਿੰਡਾ ਦੀਆਂ ਸੜਕਾਂ ’ਤੇ ਵੱਡੀ ਗਿਣਤੀ ਵਿਚ ਜੁਗਾੜੂ ਵਾਹਨ ਚੱਲ ਰਹੇ ਹਨ, ਉੱਥੇ ਪੁਲਿਸ ਕਾਰਵਾਈ ਦੀ ਗਿਣਤੀ ਬਹੁਤ ਘੱਟ ਰਹੀ ਹੈ। ਜੇਕਰ ਇਸ ਦੀ ਸਾਲਾਨਾ ਔਸਤ ਕੱਢੀ ਜਾਵੇ ਤਾਂ ਲਗਭਗ 1.16 ਵਾਹਨ ਪ੍ਰਤੀ ਸਾਲ ਹੀ ਬੰਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਪੁਰਾਣੇ ਮੋਟਰਸਾਈਕਲਾਂ, ਸਕੂਟਰਾਂ ਜਾਂ ਹੋਰ ਇੰਜਣਾਂ ਨਾਲ ਤਿਆਰ ਕੀਤੇ ਜੁਗਾੜੂ ਵਾਹਨ ਬਿਨਾਂ ਰਜਿਸਟਰੇਸ਼ਨ, ਫਿਟਨੈੱਸ ਅਤੇ ਸੁਰੱਖਿਆ ਮਾਪਦੰਡਾਂ ਦੇ ਸੜਕਾਂ ’ਤੇ ਚੱਲ ਰਹੇ ਹਨ। ਆਰ.ਟੀ.ਆਈ ਐਕਟੀਵਿਸਟ ਸੰਜੀਵ ਗੋਇਲ ਨੇ ਕਿਹਾ ਕਿ ਉਨ੍ਹਾਂ ਵਲੋਂ ਸ਼ਿਕਾਇਤਾਂ ਤੋਂ ਬਾਅਦ ਬਠਿੰਡਾ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਜੁਗਾੜੂ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ । ਇਸ ਸੰਬੰਧੀ ਟ੍ਰੈਫ਼ਿਕ ਪੁਲਿਸ, ਥਾਣਿਆਂ ਦੇ ਮੁਖੀਆਂ ਅਤੇ ਹੋਰ ਵਿਭਾਗਾਂ ਨੂੰ ਵੀ ਪੱਤਰ ਭੇਜੇ ਗਏ ਸਨ, ਪਰ ਇਸ ਦੇ ਬਾਵਜੂਦ ਸੜਕਾਂ ’ਤੇ ਇਹ ਵਾਹਨ ਲਗਾਤਾਰ ਚੱਲ ਰਹੇ ਹਨ । ਉਨ੍ਹਾਂ ਕਿਹਾ ਕਿ ਜੁਗਾੜੂ ਵਾਹਨਾਂ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕਈ ਮਾਮਲਿਆਂ ਵਿਚ ਕਿਹਾ ਗਿਆ ਹੈ ਕਿ ਮੋਟਰ ਵਹੀਕਲ ਐਕਟ ਅਧੀਨ ਅਜਿਹੇ ਬਿਨਾਂ ਮਿਆਰ ਅਤੇ ਬਿਨਾਂ ਰਜਿਸਟ੍ਰੇਸ਼ਨ ਵਾਲੇ ਵਾਹਨਾਂ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਜਾ ਸਕਦੀ। ਅਜਿਹੇ ਵਾਹਨਾਂ ਵਿਚ ਸੁਰੱਖਿਆ ਦੀ ਘਾਟ, ਬ੍ਰੇਕ, ਸਟੀਅਰਿੰਗ ਅਤੇ ਚੈਸਿਸ ਦੀ ਗੁਣਵੱਤਾ ਸੰਬੰਧੀ ਸਮੱਸਿਆਵਾਂ ਕਾਰਨ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਨ੍ਹਾਂ ਵਾਹਨਾਂ ਸੰਬੰਧੀ ਇਹ ਵੀ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਾ ਬੀਮਾ ਨਹੀਂ ਹੁੰਦਾ, ਡਰਾਈਵਰਾਂ ਕੋਲ ਲੋੜੀਂਦਾ ਲਾਇਸੈਂਸ ਨਹੀਂ ਹੁੰਦਾ ਅਤੇ ਪੁਰਾਣੇ ਇੰਜਣਾਂ ਕਾਰਨ ਪ੍ਰਦੂਸ਼ਣ ਵੀ ਵੱਧਦਾ ਹੈ।
12 ਸਾਲਾਂ ’ਚ ਬਠਿੰਡਾ ਪੁਲਿਸ ਨੇ ਸਿਰਫ਼ 14 ਜੁਗਾੜੂ ਵਾਹਨ ਕੀਤੇ ਬੰਦ
ਅਜੀਤ ਡੈਸਕ
29-06-2026