ਰਾਮਾਂ ਮੰਡੀ, 28 ਜੂਨ (ਤਰਸੇਮ ਸਿੰਗਲਾ)- ਸਿਵਲ ਸਰਜਨ ਡਾ. ਤਪਿੰਦਰ ਜੋਤ ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਐਮ.ਓ. ਰਾਮਾਂ ਡਾਕਟਰ ਸਤਪਾਲ ਸਿੰਘ ਦੀ ਅਗਵਾਈ ਹੇਠ ਪਲਸ ਪੋਲਿਓ ਮੁਹਿੰਮ ਤਹਿਤ ਅੱਜ ਪਹਿਲੇ ਦਿਨ ਸਥਾਨਕ ਸਿਵਲ ਹਸਪਤਾਲ ਸਮੇਤ 12 ਟੀਮਾਂ ਨੇ ਵੱਖ-ਵੱਖ ਜਨਤਕ ਥਾਵਾਂ’ਤੇ 12 ਬੂਥ ਲਗਾ ਕੇ 0-5 ਸਾਲ ਦੇ 620 ਬੱਚਿਆਂ ਨੂੰ ਪਲਸ ਪੋਲਿਓ ਰੋਧਕ ਬੂੰਦਾਂ ਪਿਲਾਈਆਂ। ਅੱਤ ਦੀ ਗਰਮੀ ਦੇ ਬਾਵਜੂਦ ਵੀ ਮਾਪਿਆਂ ਨੇ ਮੁਹਿੰਮ ਵਿਚ ਪੂਰੇ ਉਤਸ਼ਾਹ ਨਾਲ ਭਾਗ ਲਿਆ। ਜ਼ਿਲ੍ਹਾ ਉਪ ਮੈਡੀਕਲ ਕਮਿਸ਼ਨਰ ਡਾ.ਸੋਨੀਆ ਗੁਪਤਾ ਨੇ ਟੀਮਾਂ ਦੀ ਚੈਕਿੰਗ ਕੀਤੀ ਅਤੇ ਸਟਾਫ਼ ਨਰਸ ਹਰਦੇਵ ਕੌਰ ਵਲੋਂ ਟੀਮਾਂ ਨੂੰ ਵੈਕਸੀਨ ਮੁਹੱਈਆ ਕਰਵਾਈ ਗਈ। ਸਿਹਤ ਵਿਭਾਗ ਦੀਆਂ ਟੀਮਾਂ ਵਿਚ ਸੁਪਰਵਾਈਜ਼ਰ ਰਾਜਨਦੀਪ ਕੌਰ ਫਾਰਮਾਸਿਸਟ, ਗੁਰਸ਼ਰਨਜੀਤ ਫਾਰਮਾਸਿਸਟ, ਮਨਪ੍ਰੀਤ ਸਿੰਘ ਰੇਡੀਓਗ੍ਰਾਫਰ, ਏਐਨਐਮ ਵੀਰਪਾਲ ਕੌਰ, ਸ਼ਮਿੰਦਰਦੀਪ ਕੌਰ, ਅਮਨਦੀਪ ਕੌਰ, ਆਸ਼ਾ ਵਰਕਰ ਹਰਵਿੰਦਰ ਕੌਰ, ਰਾਜਿੰਦਰ ਕੌਰ, ਰਵੀ ਕੁਮਾਰ, ਦੇਵ ਰਾਜ, ਨੀਤੂ ਰਾਣੀ ਤੋਂ ਇਲਾਵਾ ਆਂਗਣਵਾੜੀ ਵਰਕਰ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਮੌਜੂਦ ਰਹੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ.ਸਤਪਾਲ ਸਿੰਘ ਨੇ ਦੱਸਿਆ ਕਿ ਜੋ ਬੱਚੇ ਕਿਸੇ ਮਜਬੂਰੀ ਕਾਰਨ ਬੂਥਾਂ ਤੇ ਨਹੀਂ ਪਹੁੰਚ ਸਕੇ, ਉਨ੍ਹਾਂ ਨੂੰ ਸਿਹਤ ਟੀਮਾਂ ਵਲੋਂ ਦੋ ਦਿਨ ਲਗਾਤਾਰ ਘਰ ਘਰ ਜਾ ਕੇ ਪਲਸ ਪੋਲੀਓ ਦਵਾਈ ਪਿਲਾਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਜਿੱਥੇ ਸਰਕਾਰ ਪਲਸ ਪੋਲੀਓ ਦੀ ਮਹਿੰਗੀ ਦਵਾਈ ਮੁਫ਼ਤ ਮੁਹੱਈਆ ਕਰਵਾ ਕੇ ਆਪਣਾ ਫ਼ਰਜ਼ ਪੂਰਾ ਕਰ ਰਹੀ ਹੈ, ਉੱਥੇ ਲੋਕਾਂ ਨੂੰ ਵੀ ਆਪਣੇ ਬੱਚਿਆਂ ਨੂੰ ਦਵਾਈ ਪਿਲਾਉਣ ਲਈ ਆਪਣਾ ਫ਼ਰਜ਼ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਮਾਪਿਆਂ ਦੀ ਇਕ ਗ਼ਲਤੀ ਬੱਚੇ ਨੂੰ ਜ਼ਿੰਦਗੀ ਭਰ ਲਈ ਅਪਾਹਜ ਬਣਾ ਸਕਦੀ ਹੈ।
0-5 ਸਾਲ ਦੇ 620 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ
ਅਜੀਤ ਡੈਸਕ
29-06-2026