ਬਠਿੰਡਾ, 4 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਇਕ ਮਹੀਨੇ ਦੇ ਵਿਦੇਸ਼ੀ ਦੌਰੇ ਤੋਂ ਮੁੜਦਿਆਂ ਹੀ ਸਿਆਸੀ ਸਰਗਰਮੀਆਂ ਮੁੜ ਤੇਜ਼ ਕਰ ਦਿੱਤੀਆਂ ਹਨ, ਜਿਸ ਤਹਿਤ ਉਨ੍ਹਾਂ ਵਲੋਂ ਅੱਜ ਇੱਥੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਜ਼ਿਲ੍ਹਾ ਅਹੁਦੇਦਾਰਾਂ ਅਤੇ ਹੋਰ ਸੀਨੀਅਰ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਗੁਰਪ੍ਰੀਤ ਸਿੰਘ ਮਲੂਕਾ ਨੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਆਗੂਆਂ ਨੂੰ ਜ਼ਮੀਨੀ ਪੱਧਰ ‘ਤੇ ਕੰਮ ਹੋਰ ਤੇਜ਼ ਕਰਨ ਲਈ ਕਹਿੰਦਿਆਂ ਲੋਕਾਂ ਨੂੰ ਭਾਜਪਾ ਦੇ ਹੱਕ ‘ਚ ਲਾਮਬੰਦ ਕਰਨ ਲਈ ਘਰ-ਘਰ ਤੱਕ ਪਹੁੰਚ ਕਰਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਅਤੇ ਲੋਕ ਪੱਖੀ ਸੋਚ ਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਤੋਂ ਜਾਣੂ ਕਰਵਾਉਣ ਲਈ ਕਿਹਾ।ਉਨ੍ਹਾਂ ਵਿਸ਼ੇਸ਼ ਤੌਰ ‘ਤੇ ਘੱਟ ਗਿਣਤੀ ਮੋਰਚਾ, ਐਸ.ਸੀ. ਮੋਰਚਾ ਅਤੇ ਮਹਿਲਾ ਮੋਰਚਾ ਦੀਆਂ ਬੂਥ ਪੱਧਰ ਤੱਕ ਟੀਮਾਂ ਦਾ ਗਠਨ ਕਰਨ ਅਤੇ ਯੁਵਾ ਮੋਰਚਾ ਨੂੰ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਨੂੰ ਤਰਜੀਹ ਦੇਣ ਲਈ ਕਿਹਾ। ਮਲੂਕਾ ਨੇ ਆਪਣੀ ਜ਼ਿੰਮੇਵਾਰੀ ਪ੍ਰਤੀ ਸੰਜੀਦਾ ਨਾ ਹੋਣ ਵਾਲੇ ਕੁਝ ਆਗੂਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਜਿਹੇ ਅਹੁਦੇਦਾਰਾਂ ਦੀ ਛੁੱਟੀ ਵੀ ਕੀਤੀ ਜਾ ਸਕਦੀ ਹੈ ਅਤੇ ਜ਼ਮੀਨੀ ਪੱਧਰ ‘ਤੇ ਪਾਰਟੀ ਲਈ ਬਿਹਤਰ ਨਤੀਜੇ ਦੇਣ ਵਾਲਿਆਂ ਨੂੰ ਹੋਰ ਵੀ ਅਹਿਮ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਅਮਰਿੰਦਰ ਸਿੰਘ ਦਾਤੇਵਾਸ, ਜ਼ਿਲ੍ਹਾ ਪ੍ਰਧਾਨ ਐਸ.ਸੀ.ਮੋਰਚਾ ਸਵਰਨ ਸਿੰਘ, ਯੁਵਾ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਘੱਟ ਗਿਣਤੀ ਮੋਰਚਾ ਪ੍ਰਧਾਨ ਭਾਰਤ ਭੂਸ਼ਨ ਜੈਨ, ਮਹਿਲਾ ਮੋਰਚਾ ਪ੍ਰਧਾਨ ਸੁਖਵਿੰਦਰ ਕੌਰ ਸ਼ੇਰਗੜ੍ਹ, ਜਨਰਲ ਸਕੱਤਰ ਅਮਨ ਚੱਠਾ ਰਾਮਾਂ, ਚੰਦਨ ਕਾਂਤ ਗਰਗ, ਜੀਵਨ ਗੁਪਤਾ ਮੌੜ, ਕੁਲਵਿੰਦਰ ਕੌਰ ਸੀਂਗੋ, ਤਾਰਾ ਸਿੰਘ ਨੰਗਲਾ, ਬਲਬੀਰ ਚੰਦ, ਨਛੱਤਰ ਸਿੰਘ ਬਹਿਮਣ ਜੱਸਾ, ਜਸਪਾਲ ਸਿੰਘ ਮੌੜ ਅਤੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਆਦਿ ਮੌਜੂਦ ਸਨ।