ਬਠਿੰਡਾ, 5 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਰਕਾਰੀ ਹਾਈ ਸਕੂਲ ਲਾਲ ਸਿੰਘ ਬਸਤੀ, ਬਠਿੰਡਾ ਦੀ ਵਿਦਿਆਰਥਣ ਏਕਮ ਕੌਰ ਨੇ ਨੇਪਾਲ ਵਿਖੇ ਹੋਈ 10ਵੀਂ ਅੰਤਰ-ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਜਿੱਤ ਕੇ ਆਪਣੇ ਮਾਪਿਆਂ, ਸਕੂਲ, ਬਠਿੰਡਾ ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।ਇਸ ਚੈਂਪੀਅਨਸ਼ਿਪ ਵਿਚ ਭਾਰਤ, ਸ੍ਰੀਲੰਕਾ, ਭੁਟਾਨ, ਨੇਪਾਲ ਸਮੇਤ ਕਈ ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਏਕਮ ਕੌਰ ਨੇ ਅੰਡਰ-12 ਉਮਰ ਵਰਗ ਅਤੇ +40 ਕਿੱਲੋਗ੍ਰਾਮ ਭਾਰ ਵਰਗ ਵਿਚ ਹਿੱਸਾ ਲੈਂਦਿਆਂ ਸੋਨ ਤਗਮਾ ਆਪਣੇ ਨਾਮ ਕੀਤਾ।ਇਸ ਸ਼ਾਨਦਾਰ ਪ੍ਰਾਪਤੀ ‘ਤੇ ਬਠਿੰਡਾ ਦੇ ਨੋਡਲ ਅਫ਼ਸਰ ਸੁਸ਼ੀਲ ਨਾਥ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਨਾ ਸੇਠੀ ਨੇ ਵਿਦਿਆਰਥਣ ਨੂੰ ਮੁਬਾਰਕਵਾਦ ਦਿੱਤੀ ਹੈ।ਸਕੂਲ ਵਿਚ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ, ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਪ੍ਰਿੰਸੀਪਲ ਆਸ਼ੂ ਸਿੰਘ ਅਤੇ ਪ੍ਰਿੰਸੀਪਲ ਪ੍ਰਦੀਪ ਕੁਮਾਰ ਨੇ ਏਕਮ ਕੌਰ ਨੂੰ ਖੇਡ ਪ੍ਰਾਪਤੀ ਸਰਟੀਫਿਕੇਟ, ਮੈਡਲ, ਸਨਮਾਨ ਚਿੰਨ੍ਹ ਅਤੇ ਸਕੂਲ ਬੈਗ ਦੇ ਕੇ ਸਨਮਾਨਿਤ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਰੀਤੂ ਚੌਧਰੀ ਨੇ ਏਕਮ ਕੌਰ ਦੀ ਇਸ ਇਤਿਹਾਸਕ ਪ੍ਰਾਪਤੀ ਦੀ ਸ਼ਲਾਘਾ ਕੀਤੀ।ਸਕੂਲ ਸਟਾਫ਼ ਨੇ ਏਕਮ ਕੌਰ ਦੀ ਇਸ ਵਿਲੱਖਣ ਉਪਲਬਧੀ ‘ਤੇ ਮਾਣ ਪ੍ਰਗਟ ਕਰਦਿਆਂ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਸਾਇੰਸ ਅਧਿਆਪਕਾ ਸੁਨੀਲ ਸੁਖੀਜਾ ਨੇ ਕੀਤਾ। ਇਸ ਮੌਕੇ ਏਕਮ ਕੌਰ ਦੀ ਮਾਤਾ ਸ੍ਰੀਮਤੀ ਮਨੀਸ਼ਾ, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਰੇਖਾ ਦੇਵੀ, ਕਮੇਟੀ ਦੇ ਮੈਂਬਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਬਠਿੰਡਾ ਦੀ ਏਕਮ ਕੌਰ ਨੇ ਅੰਤਰ-ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਗਮਾ
ਅਜੀਤ ਡੈਸਕ
06-07-2026