ਤਲਵੰਡੀ ਸਾਬੋ, 5 ਜੁਲਾਈ (ਰਣਜੀਤ ਸਿੰਘ ਰਾਜੂ)- ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਹਰਪ੍ਰੀਤਪਾਲ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪ੍ਰੋਜੈਕਟ ਡਾਇਰੈਕਟਰ ਆਤਮਾ ਡਾ.ਤੇਜਦੀਪ ਕੌਰ ਅਤੇ ਬਲਾਕ ਖੇਤੀਬਾੜੀ ਅਫ਼ਸਰ ਤਲਵੰਡੀ ਸਾਬੋ ਡਾ. ਮਨੋਜ ਕੁਮਾਰ ਦੀ ਰਹਿਨੁਮਾਈ ਹੇਠ ਬਲਾਕ ਤਲਵੰਡੀ ਸਾਬੋ ਦੇ ਪਿੰਡ ਕੌਰੇਆਣਾ ਵਿਖੇ ਆਤਮਾ ਸਕੀਮ ਅਧੀਨ ‘ਖੇਤ ਬਚਾਓ ਅਭਿਆਨ’ ਤਹਿਤ ਝੋਨੇ ਦੀ ਸਿੱਧੀ ਬਿਜਾਈ, ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੇ ਸੰਬੰਧ ਵਿਚ ਇਕ ਰੋਜ਼ਾ ਫਾਰਮਰ ਟਰੇਨਿੰਗ ਲਗਾਈ ਗਈ।ਖੇਤੀਬਾੜੀ ਦਫਤਰ ਤਲਵੰਡੀ ਸਾਬੋ ਦੇ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਟਰੇਨਿੰਗ ਦੀ ਸ਼ੁਰੂਆਤ ਵਿਚ ਡਾ.ਜੋਰਾ ਸਿੰਘ ਬਲਾਕ ਤਕਨੀਕੀ ਮੈਨੇਜਰ ਆਤਮਾ ਵਲੋਂ ਪਹੁੰਚੇ ਕਿਸਾਨਾਂ ਦਾ ਸਵਾਗਤ ਕਰਦਿਆਂ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀਵਿਧੀਆਂ ਤੋਂ ਜਾਣੂੰ ਕਰਵਾਇਆ। ਇਸ ਕਲਾਸ ਵਿਚ ਡਾ. ਗੁਰਕੰਵਲ ਸਿੰਘ ਬਰਾੜ ਖੇਤੀਬਾੜੀ ਵਿਕਾਸ ਅਫ਼ਸਰ ਪੀ.ਪੀ.ਵਲੋਂ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਬਰਾੜ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵਲੋਂ ਦਿੱਤੀ ਜਾ ਰਹੀ 1500/- ਰੁਪਏ ਦੀ ਪ੍ਰੋਤਸਾਹਨ ਰਾਸ਼ੀ ਸਬੰਧੀ ਵੀ ਜਾਣੂ ਕਰਵਾਇਆ ਗਿਆ।ਟਰੇਨਿੰਗ ਵਿਚ ਮੌਜੂਦ ਡਾ. ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਵਲੋਂ ਕਿਸਾਨਾਂ ਨੂੰ ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਕਰਨ ਸਬੰਧੀ ਪ੍ਰੇਰਿਤ ਕਰਦੇ ਹੋਏ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਸੰਦੀਪ ਸਿੰਘ ਵਲੋਂ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਝੋਨੇ ਅਤੇ ਨਰਮੇ ਸਬੰਧੀ ਵੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਗਈ। ਜਗਤਾਰ ਸਿੰਘ ਸਹਾਇਕ ਤਕਨੀਕੀ ਮੈਨੇਜਰ ਵਲੋਂ ਕਿਸਾਨਾਂ ਨੂੰ ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਦੀ ਕੇ.ਵਾਈ.ਸੀ ਕੀਤੀ ਗਈ। ਲਾਭ ਸਿੰਘ ਸਹਾਇਕ ਤਕਨੀਕੀ ਮੈਨੇਜਰ ਆਤਮਾ ਵਲੋਂ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਉਪਰ ਸਪਰੇਅ ਕਰਨ ਦੀ ਤਕਨੀਕ ਸਬੰਧੀ ਜਾਣੂ ਕਰਵਾਇਆ ਗਿਆ। ਅੰਤ ਵਿਚ ਡਾ. ਜੋਰਾ ਸਿੰਘ ਬਲਾਕ ਤਕਨੀਕੀ ਮੈਨੇਜਰ ਆਤਮਾ ਵਲੋਂ ਆਏ ਕਿਸਾਨਾਂ ਨੂੰ ਮਿੱਟੀ ਤੇ ਪਾਣੀ ਪਰਖ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਟਰੇਨਿੰਗ ਵਿਚ ਖੇਤੀ ਇਨਪੁੱਟ ਡੀਲਰ ਗੁਰਮੀਤ ਸਿੰਘ ਭੁੱਲਰ ਸਮੇਤ ਕਈ ਅਗਾਂਹਵਧੂ ਕਿਸਾਨ ਸ਼ਾਮਿਲ ਹੋਏ।
ਖੇਤੀਬਾੜੀ ਵਿਭਾਗ ਨੇ ਆਤਮਾ ਸਕੀਮ ਅਧੀਨ ‘ਖੇਤ ਬਚਾਓ ਅਭਿਆਨ’ ਤਹਿਤ ਲਗਾਈ ਇਕ ਰੋਜ਼ਾ ਫਾਰਮਰ ਟਰੇਨਿੰਗ
ਅਜੀਤ ਡੈਸਕ
06-07-2026