02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਚੰਦਭਾਨ ਡਰੇਨ ਦੀ ਸਫ਼ਾਈ ਨੂੰ ਲੈ ਕੇ 5 ਪਿੰਡਾਂ ਦੇ ਕਿਸਾਨਾਂ ਦੀ ਮੁੱਖ ਮੰਤਰੀ ਨੂੰ ਗੁਹਾਰ

Ad Position 21
No active advertisement
ਅਜੀਤ ਡੈਸਕ 20-07-2026

ਮਹਿਮਾ ਸਰਜਾ, 19 ਜੁਲਾਈ (ਬਲਦੇਵ ਸੰਧੂ)- ਡਰੇਨ ਵਿਭਾਗ ਕੁੰਭਕਰਨੀ ਨੀਂਦ ਕਾਰਨ ਚੰਦਭਾਨ ਬਰਸਾਤੀ ਨਾਲੇ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਬਰਸਾਤੀ ਨਾਲੇ ਨਾਲ ਜੁੜੇ ਪਿੰਡ ਅਬਲੂ-ਕੋਟਲੀ, ਕੋਠੇ ਲਾਲ ਸਿੰਘ, ਕੋਠੇ ਸੰਧੂਆਂ ਵਾਲੇ, ਕੋਠੇ ਚੇਤ ਸਿੰਘ, ਕੋਠੇ ਕੌਰ ਸਿੰਘ ਦੇ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਦਹਾਕਿਆਂ ਤੋਂ ਇਸ ਦੀ ਢੰਗ ਨਾਲ ਪੂਰੀ ਸਫ਼ਾਈ ਨਹੀਂ ਕਰਵਾਈ ਗਈ, ਜਿਸ ਕਾਰਨ ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸਾਨਾਂ ਵਕੀਲ ਸਿੰਘ ਬਰਾੜ, ਰਜਿੰਦਰ ਸਿੰਘ ਕੋਠੇ ਲਾਲ ਸਿੰਘ, ਚੇਅਰਮੈਨ ਭੋਲਾ ਸਿੰਘ, ਸਰਬਜੀਤ ਸ਼ਰਮਾ, ਆਕਾਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਇੱਕ ਪਾਸੇ ਬਠਿੰਡਾ ਸ਼ਹਿਰ ਦੀਆਂ ਬਸਤੀਆਂ ਦਾ ਮਲ-ਮੂਤਰ ਅਤੇ ਗੰਦਾ ਪਾਣੀ ਲਗਾਤਾਰ ਇਸ ਡਰੇਨ ਵਿੱਚ ਸੁੱਟਿਆ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਡਰੇਨ ਅੰਦਰ ਕੇਲੀ, ਜੰਗਲੀ ਬੂਟੀ ਅਤੇ ਗਾਦ ਦਾ ਅੰਬਾਰ ਲੱਗਾ ਹੋਇਆ ਹੈ। ਸਾਲਾਂ ਤੋਂ ਸਫ਼ਾਈ ਨਾ ਹੋਣ ਕਾਰਨ ਡਰੇਨ ਦੀ ਪਾਣੀ ਨਿਕਾਸ ਸਮਰੱਥਾ ਲਗਭਗ ਖ਼ਤਮ ਹੋ ਚੁੱਕੀ ਹੈ। ਨਤੀਜੇ ਵਜੋਂ ਥੋੜ੍ਹੀ ਜਿਹੀ ਬਾਰਸ਼ ਨਾਲ ਹੀ ਡਰੇਨ ਓਵਰਫ਼ਲੋ ਹੋ ਜਾਂਦੀ ਹੈ ਅਤੇ ਗੰਦਾ ਪਾਣੀ ਖੇਤਾਂ ਵੱਲ ਰੁਖ ਕਰ ਲੈਂਦਾ ਹੈ। ਅੰਨਦਾਤਿਆਂ ਨੇ ਦੱਸਿਆ ਕਿ ਓਵਰਫ਼ਲੋ ਹੋਇਆ ਪ੍ਰਦੂਸ਼ਿਤ ਅਤੇ ਬਦਬੂਦਾਰ ਪਾਣੀ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਬਰਸਾਤੀ ਮੌਸਮ ਦੌਰਾਨ ਕਿਸਾਨਾਂ ਦੀ ਚਿੰਤਾ ਕਈ ਗੁਣਾ ਵੱਧ ਜਾਂਦੀ ਹੈ ਕਿਉਂਕਿ ਉਨ੍ਹਾਂ ਨੂੰ ਆਪਣੀ ਖੇਤੀ ਬਚਾਉਣ ਲਈ ਰਾਤਾਂ ਜਾਗ ਕੇ ਡਰੇਨ ਉੱਪਰ ਠੀਕਰੀ ਪਹਿਰਾ ਦੇਣਾ ਪੈਂਦਾ ਹੈ। ਕਈ ਵਾਰ ਪਾਣੀ ਦੇ ਤੇਜ਼ ਵਹਾਅ ਕਾਰਨ ਖੇਤਾਂ ਵਿਚ ਖੜ੍ਹੀਆਂ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਝਟਕਾ ਲੱਗਦਾ ਹੈ।ਕਿਸਾਨਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਅਤੇ ਮੌਖਿਕ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ, ਪਰ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋਈ। ਵਿਭਾਗ ਦੀ ਇਸ ਲਾਪਰਵਾਹੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ। ਪੰਜ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੁਹਾਰ ਲਗਾਈ ਹੈ ਕਿ ਚੰਦਭਾਨ ਡਰੇਨ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਬਠਿੰਡਾ ਸ਼ਹਿਰ ਤੋਂ ਆ ਰਹੇ ਗੰਦੇ ਪਾਣੀ ਦੇ ਨਿਕਾਸ ਲਈ ਪੱਕਾ ਅਤੇ ਪ੍ਰਭਾਵੀ ਹੱਲ ਕੀਤਾ ਜਾਵੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿਚ ਫ਼ਸਲਾਂ ਅਤੇ ਲੋਕਾਂ ਦੀ ਸਿਹਤ ਦੋਵੇਂ ਲਈ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਏਕਤਾ ਸਭਾ ਨੇ ਮਹਾਰਾਜਾ ਅਗਰਸੈਨ ਪੂਜਾ ਸਮਾਰੋਹ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਨੇ ਛੋਟੇ ਹਾਥੀ ਨੂੰ ਮਾਰੀ ਟੱਕਰ, ਜਾਨੀ ਨੁਕਸਾਨ ਹੋਣ ਤੋਂ ਬਚਾਅ
Ad Position 24
No active advertisement