ਸੰਗਤ ਮੰਡੀ, 22 ਜੁਲਾਈ (ਸੁਖਤੇਜ ਧਾਲੀਵਾਲ)- ਕਿਸਾਨ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਅੱਜ ਬਲਾਕ ਸੰਗਤ ਦੇ ਪਿੰਡ ਜੱਸੀ ਬਾਗਵਾਲੀ ਟੋਲ ਪਲਾਜੇ ’ਤੇ ਧਰਨਾ ਦੇ ਕੇ 12 ਵਜੇ ਤੋਂ 3 ਵਜੇ ਤੱਕ ਟੋਲ ਮੁਕਤ ਕੀਤਾ ਗਿਆ। ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਰਾਮ ਸਿੰਘ ਕੋਟਗੁਰੂ, ਜਸਕਰਨ ਕੋਟਗੁਰੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ, ਹਰਮੇਲ ਸਿੰਘ ਚੱਕ ਹੀਰਾ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਕੁਲ ਹਿੰਦ ਕਿਸਾਨ ਸਭਾ ਦੇ ਦਰਸ਼ਨ ਸਿੰਘ ਫੁੱਲੋ ਮਿੱਠੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬੂਟਾ ਬੁਰਜ਼ ਦੇ ਬੂਟਾ ਸਿੰਘ ਤੁੰਗਵਾਲੀ ਆਦਿ ਆਗੂਆਂ ਨੇ ਕਿਹਾ ਕਿ ਅਮਰੀਕਾ ਵਲੋਂ ਆਪਣੇ ਦੇਸ਼ ਦੇ ਸਰਮਾਏਦਾਰਾਂ ਦਾ ਭਾਰਤ ਦੀ ਖੇਤੀ ਅਤੇ ਸਾਰੇ ਕਾਰੋਬਾਰਾਂ ’ਤੇ ਕਬਜ਼ਾ ਕਰਵਾਉਣ ਦੀ ਨੀਤੀ ਅਨੁਸਾਰ ਜੇਕਰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਸਾਰੇ ਲੋਕਾਂ ਦੇ ਕਾਰੋਬਾਰ ਖਤਰੇ ਵਿਚ ਪੈ ਜਾਣਗੇ। ਬੁਲਾਰਿਆਂ ਨੇ ਦਿੱਲੀ ਵਿਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਵਿਦਿਆਰਥੀਆਂ ਤੇ ਨੌਜਵਾਨਾਂ ਤੇ ਕੀਤੇ ਜਬਰ, ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਕੀਤੇ ਜਬਰ ਅਤੇ ਪੰਜਾਬ ਸਰਕਾਰ ਵਲੋਂ ਮਨਰੇਗਾ ਕਰਮਚਾਰੀਆਂ ਤੇ ਕੀਤੇ ਜਬਰ ਖਿਲਾਫ ਮਤੇ ਪਾਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਗਏ। ਟੋਲ ਪਲਾਜ਼ਾ ਵਰਕਰ ਯੂਨੀਅਨ ਦੇ ਹਰਮਨ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਮਿੱਠੂ ਸਿੰਘ ਘੁੱਦਾ ਤੇ ਉਮਰਦੀਨ ਜੱਸੀ ਬਾਗਵਾਲੀ ਨੇ ਵੀ ਸੰਬੋਧਨ ਕੀਤਾ। ਹਰਗੋਬਿੰਦ ਸਿੰਘ ਚੱਕ ਅੱਤਰ ਸਿੰਘ ਵਾਲਾ ਨੇ ਚਲਾਈ ਤੇ ਪ੍ਰੋਗਰਾਮ ਦੇ ਸ਼ੁਰੂ ਵਿਚ ਅਜਮੇਰ ਸਿੰਘ ਆਕਲੀਆ ਤੇ ਹਰਮੀਤ ਸਿੰਘ ਕੋਟਗੁਰੂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਹਰਵਿੰਦਰ ਸਿੰਘ ਗਾਗੀ, ਗੁਰਤੇਜ ਸਿੰਘ, ਮਲਕੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।