05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮਾਨਯੋਗ ਹਾਈ ਕੋਰਟ ਵਲੋਂ ਨਗਰ ਕੌਂਸਲ ਸੰਗਤ ਨਵੇਂ ਚੁਣੇ ਕੌਂਸਲਰਾਂ ਦੀ ਮੀਟਿੰਗ 7 ਦਿਨਾਂ ਅੰਦਰ ਕਰਾਉਣ ਦੇ ਨਿਰਦੇਸ਼

Ad Position 21
No active advertisement
ਅਜੀਤ ਡੈਸਕ 23-07-2026
ਸੰਗਤ ਮੰਡੀ, 22 ਜੁਲਾਈ (ਅੰਮ੍ਰਿਤਪਾਲ ਸ਼ਰਮਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨਗਰ ਕੌਂਸਲ ਸੰਗਤ ਦੇ ਨਵੇਂ ਚੁਣੇ ਮੈਂਬਰਾਂ ਦੀ ਸਹੁੰ ਚੁਕਾਉਣ ਅਤੇ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਨਗਰ ਕੌਂਸਲ ਸੰਗਤ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਦੱਸਿਆ ਕਿ ਨਵੇਂ ਚੁਣੇ ਕੌਂਸਲਰ ਰਾਹੁਲ ਗੋਇਲ ਵਲੋਂ ਹਾਈਕੋਰਟ ’ਚ ਦਾਇਰ ਪਟੀਸ਼ਨ ਨੰਬਰ ਸੀ. ਡਬਲਯੂ. ਪੀ. 21628-2026 ’ਤੇ ਸੁਣਵਾਈ ਕਰਦਿਆਂ ਜਸਟਿਸ ਦੀਪਕ ਸਿਬਲ ਅਤੇ ਜਸਟਿਸ ਰੁਪਿੰਦਰਜੀਤ ਚਾਹਲ ਦੀ ਬੈਂਚ ਵਲੋਂ ਇਹ ਅਹਿਮ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਧੀਕ ਐਡਵੋਕੇਟ ਜਨਰਲ ਜਸਤੇਜ ਸਿੰਘ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਨਵੀਂ ਬਣੀ ਨਗਰ ਕੌਂਸਲ ਦੀ ਮੀਟਿੰਗ ਅਗਲੇ 7 ਦਿਨਾਂ ਦੇ ਅੰਦਰ ਬੁਲਾ ਲਈ ਜਾਵੇਗੀ। ਇਸ ਮੀਟਿੰਗ ’ਚ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ ਅਤੇ ਪ੍ਰਧਾਨ ਤੇ ਉਪ-ਪ੍ਰਧਾਨ ਦੀ ਚੋਣ ਵੀ ਕਰਵਾਈ ਜਾਵੇਗੀ। ਅਦਾਲਤ ਨੇ ਸਰਕਾਰ ਦੇ ਇਸ ਬਿਆਨ ਨੂੰ ਰਿਕਾਰਡ ’ਤੇ ਲੈਂਦਿਆਂ ਸਰਕਾਰ ਨੂੰ ਇਸ ਲਈ ਪਾਬੰਦ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਹਾਈਕੋਰਟ ਵਲੋਂ ਵਕੀਲ ਮਿਸਟਰ ਵਿਦੁਲ ਕਪੂਰ ਨੂੰ ਸੁਤੰਤਰ ਨਿਰੀਖਕ ਨਿਯੁੱਕਤ ਕੀਤਾ ਹੈ। ਨਿਰੀਖਕ ਪੂਰੀ ਮੀਟਿੰਗ ਦੌਰਾਨ ਮੌਜੂਦ ਰਹਿਕੇ ਸਹੁੰ ਚੁਕਾਉਣ ਅਤੇ ਚੋਣ ਪ੍ਰਕਿਰਿਆ ’ਤੇ ਨਜ਼ਰ ਰੱਖਣਗੇ। ਅਦਾਲਤ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਹਦਾਇਤ ਕੀਤੀ ਕਿ ਉਹ ਮੀਟਿੰਗ ਦੀ ਤਰੀਕ ਤੈਅ ਹੋਣ ਤੋਂ ਘੱਟੋ-ਘੱਟ 48 ਘੰਟੇ ਪਹਿਲਾਂ ਨਿਰੀਖਕ ਨੂੰ ਈਮੇਲ, ਵੱਟਸਐਪ ਅਤੇ ਸਪੈਸ਼ਲ ਮੈਸੇਂਜਰ ਰਾਹੀਂ ਲਿਖਤੀ ਤੌਰ ’ਤੇ ਸੂਚਿਤ ਕਰਨ। ਨਿਰੀਖਕ ਮੀਟਿੰਗ ਵਾਲੇ ਦਿਨ ਨਿਰਧਾਰਿਤ ਸਮੇਂ ਤੋਂ 3 ਘੰਟੇ ਪਹਿਲਾਂ ਡੀ. ਸੀ. ਦਫ਼ਤਰ ਬਠਿੰਡਾ ਪਹੁੰਚਣਗੇ, ਜਿੱਥੋਂ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਮੀਟਿੰਗ ਵਾਲੀ ਥਾਂ ’ਤੇ ਲਿਜਾਇਆ ਜਾਵੇਗਾ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੀਟਿੰਗ ਅਤੇ ਵੈਨਿਊ ਦੀ ਹਰ ਪਾਸਿਓਂ ਵੀਡੀਓਗ੍ਰਾਫ਼ੀ ਕੀਤੀ ਜਾਵੇ। ਹੱਥ ਖੜ੍ਹੇ ਕਰਕੇ ਹੋਣ ਵਾਲੀ ਵੋਟਿੰਗ ਦੀ ਪ੍ਰਕਿਰਿਆ ਨੂੰ ਵੀ ਰਿਕਾਰਡ ਕੀਤਾ ਜਾਵੇ। ਸਾਰੀ ਸੀ. ਸੀ. ਟੀ. ਵੀ. ਫੁਟੇਜ਼ ਅਤੇ ਕਾਰਵਾਈ ਦੀ ਅਸਲ ਲਿਖਤੀ ਰਿਪੋਰਟ 6 ਮਹੀਨੇ ਤੱਕ ਡਿਪਟੀ ਕਮਿਸ਼ਨਰ ਬਠਿੰਡਾ ਕੋਲ ਸੁਰੱਖਿਅਤ ਰੱਖੀ ਜਾਵੇਗੀ। ਨਿਰੀਖਕ ਨੂੰ ਮੀਟਿੰਗ ਅੰਦਰ ਅਤੇ ਬਾਹਰ ਫੋਟੋ ਅਤੇ ਵੀਡੀਓ ਲੈਣ ਦੀ ਆਗਿਆ ਹੋਵੇਗੀ ਅਤੇ ਮੀਟਿੰਗ ਤੋਂ ਬਾਅਦ ਨਿਰੀਖਕ ਆਪਣੀ ਰਿਪੋਰਟ ਫੋਟੋ ਅਤੇ ਵੀਡੀਓ ਸਮੇਤ ਸੀਲਬੰਦ ਲਿਫ਼ਾਫ਼ੇ ’ਚ ਹਾਈਕੋਰਟ ਦੇ ਰਜਿਸਟਰਾਰ ਕੋਲ ਜਮ੍ਹਾਂ ਕਰਾਉਣਗੇ। ਅਦਾਲਤ ਨੇ ਪਟੀਸ਼ਨਰ ਨੂੰ ਨਿਰੀਖਕ ਦੀ 1 ਲੱਖ 25 ਹਜ਼ਾਰ ਰੁਪਏ ਫ਼ੀਸ ਅਤੇ ਹੋਰ ਖਰਚੇ ਪਹਿਲਾਂ ਅਦਾ ਕਰਨ ਦੇ ਹੁਕਮ ਦਿੱਤੇ ਹਨ।
Ad Position 22
No active advertisement
ਪਿਛਲੀ ਖ਼ਬਰ ਬੇਸਹਾਰਾ ਪਸ਼ੂ ਲੜਾਈ ਦੌਰਾਨ ਗੈਸ ੲੰਜੇਸੀ ਵਿਚ ਹੋਇਆ ਦਾਖ਼ਲ, ਪ੍ਰਬੰਧਕਾਂ ਨੂੰ ਪਈਆਂ ਭਾਜੜਾਂ ਅਗਲੀ ਖ਼ਬਰ ਪਰਾਲੀ ਦੀ ਸਾਂਭ-ਸੰਭਾਲ ਲਈ ਖੇਤੀ ਮਸ਼ੀਨਾਂ ’ਤੇ ਮੁਹੱਈਆ ਕਰਵਾਈ ਜਾਵੇਗੀ ਸਬਸਿਡੀ
Ad Position 24
No active advertisement