ਬਠਿੰਡਾ, 22 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਪੀ.ਐਸ.ਈ.ਬੀ.ਈ.ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼, ਐਮ.ਜੀ.ਓ. ਅਤੇ ਸਾਂਝੇ ਧੜੇ ਨਾਲ ਸਬੰਧਿਤ ਭਰਾਤਰੀ ਜਥੇਬੰਦੀਆਂ ਵਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਸਬੰਧ ਵਿਚ ਸਥਾਨਕ ਪਾਵਰ ਹਾਊਸ ਰੋਡ ਸਥਿਤ ਪੀਐਸਪੀਸੀਐਲ ਦਫ਼ਤਰ ਵਿਖੇ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਗਿਆ। ਇਸ ਮੌਕੇ ਜਥੇਬੰਦੀਆਂ ਨੇ ਐਲਾਨ ਕੀਤਾ ਕਿ 23 ਅਤੇ 24 ਜੁਲਾਈ ਨੂੰ ਵੀ ਸਮੂਹਿਕ ਛੁੱਟੀ (ਮਾਸ ਲੀਵ) ਦੌਰਾਨ ਕੰਮਕਾਜ ਠੱਪ ਰੱਖਦਿਆਂ ਪੰਜਾਬ ਭਰ ਦੇ ਪਾਵਰਕਾਮ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪਹਿਲਾਂ ਮੰਨੀਆਂ ਗਈਆਂ ਮੰਗਾਂ ਨੂੰ ਵੀ ਲਾਗੂ ਨਹੀਂ ਕਰ ਰਹੇ। ਮੁਲਾਜ਼ਮ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪੀਐਸਪੀਸੀਐਲ ਮੈਨੇਜਮੈਂਟ ਨੇ ਜਲਦੀ ਗੱਲਬਾਤ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਭੀਮ ਸੈਨ, ਅਰੁਣ ਕੁਮਾਰ ਤ੍ਰਿਪਾਠੀ, ਦੁਰਗਾ ਦੱਤ, ਹਰਵਿੰਦਰ ਸਿੰਘ ਸੇਖੋਂ, ਦੀਪ ਚੰਦ, ਸੀਤਾ ਰਾਮ, ਜੁਗਲ ਕਿਸ਼ੋਰ, ਹਰਵਿੰਦਰ ਸਿੰਘ ਵਿੱਕੀ, ਹਰੀਸ਼ ਕੁਮਾਰ, ਸਿਧਾਰਥ, ਲਛਮਣ ਸਿੰਘ, ਰਾਜ ਕੁਮਾਰ, ਰਾਮ ਕੁਮਾਰ, ਜਗਦੇਵ ਸਿੰਘ, ਅਮਰਜੀਤ ਸਿੰਘ, ਹਰਭਗਵਾਨ ਸਿੰਘ, ਇੰਜੀਨੀਅਰ ਪਰਮਿੰਦਰ ਸਿੰਘ ਸੋਢੀ, ਇੰਜੀਨੀਅਰ ਅਵਤਾਰ ਸਿੰਘ ਅਤੇ ਮਨਦੀਪ ਸਿੰਘ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਦਾਅਵਾ ਕੀਤਾ ਕਿ ਬਠਿੰਡਾ ਸਰਕਲ ਦੇ ਕਰੀਬ 95 ਫ਼ੀਸਦੀ ਮੁਲਾਜ਼ਮ ਸਮੂਹਿਕ ਛੁੱਟੀ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਸੰਘਰਸ਼ ਵਿਚ ਸ਼ਾਮਲ ਹੋਏ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਬਾਕੀ ਸਾਥੀਆਂ ਨੂੰ ਵੀ ਅੰਦੋਲਨ ਨਾਲ ਜੁੜਨ ਦੀ ਅਪੀਲ ਕੀਤੀ ਹੈ।