ਬਠਿੰਡਾ, 22 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਮਮਤਾ ਖੁਰਾਣਾ ਸੇਠੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ ਦੀ ਅਗਵਾਈ ਹੇਠ ਅਤੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਜੋਗਿੰਦਰ ਸਿੰਘ ਦੀ ਦੇਖ-ਰੇਖ ਵਿਚ ਜ਼ੋਨ ਬਠਿੰਡਾ-2 ਦੀਆਂ 70ਵੀਆਂ ਜੋਨ ਪੱਧਰੀ ਸਕੂਲੀ ਖੇਡਾਂ ਦੇ ਦੂਜੇ ਦਿਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਅੰਡਰ-14 ਸਾਲ ਉਮਰ ਵਰਗ ਦੇ ਕ੍ਰਿਕਟ ਮੁਕਾਬਲਿਆਂ ਵਿਚ ਲੜਕਿਆਂ ਦੇ ਫਸਵੇਂ ਮੈਚ ਦੇਖਣ ਨੂੰ ਮਿਲੇ। ਖ਼ਾਲਸਾ ਗਰਾਊਂਡ ਵਿਚ ਚੱਲ ਰਹੇ ਕ੍ਰਿਕਟ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਜੋਗਿੰਦਰ ਸਿੰਘ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿਚ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਖੇਡਾਂ ਸਰੀਰਕ ਤੰਦਰੁਸਤੀ, ਮਾਨਸਿਕ ਵਿਕਾਸ, ਅਨੁਸ਼ਾਸਨ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਅੰਡਰ-14 ਲੜਕਿਆਂ ਦੇ ਕ੍ਰਿਕਟ ਮੁਕਾਬਲਿਆਂ ਦੇ ਪਹਿਲੇ ਮੈਚ ਵਿਚ ਸਿਲਵਰ ਓਕਸ ਗਲੋਬਲ ਸਕੂਲ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 31 ਦੌੜਾਂ ਬਣਾਈਆਂ। ਜਵਾਬ ਵਿਚ ਜੇਂਵੀਅਰ ਵਰਲਡ ਸਕੂਲ ਨੇ ਚਾਰ ਵਿਕਟਾਂ ਦੇ ਨੁਕਸਾਨ ’ਤੇ 32 ਦੌੜਾਂ ਬਣਾਕੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਦੂਜੇ ਮੁਕਾਬਲੇ ਵਿਚ ਕੁਐਸਟ ਇੰਟਰਨੈਸ਼ਨਲ ਸਕੂਲ ਬਠਿੰਡਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 71 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਲਾਰਡ ਰਾਮਾ ਪਬਲਿਕ ਸਕੂਲ ਦੀ ਟੀਮ 48 ਦੌੜਾਂ ’ਤੇ ਹੀ ਸਿਮਟ ਗਈ, ਜਿਸ ਨਾਲ ਕੁਐਸਟ ਇੰਟਰਨੈਸ਼ਨਲ ਸਕੂਲ ਨੇ 23 ਦੌੜਾਂ ਨਾਲ ਸ਼ਾਨਦਾਰ ਜਿੱਤ ਆਪਣੇ ਨਾਮ ਕੀਤੀ। ਇਸ ਮੌਕੇ ਕ੍ਰਿਕਟ ਕਨਵੀਨਰ ਲੈਕਚਰਾਰ ਫਿਜ਼ੀਕਲ ਤੇਜਿੰਦਰ ਸਿੰਘ, ਮਨਦੀਪ ਕੌਰ, ਸੁਰਜੀਤ ਸਿੰਘ ਬੰਗੀ (ਜ਼ੋਨਲ ਸਕੱਤਰ), ਪਰਮਿੰਦਰ ਸਿੰਘ (ਡੀਪੀਈ), ਹਰਭਗਵਾਨ ਦਾਸ (ਪੀਟੀਆਈ), ਇੰਦਰਜੀਤ ਸਿੰਘ, ਹਰਦੀਪ ਸਿੰਘ, ਗੁਰਦੀਪ ਸਿੰਘ, ਰਣਜੀਤ ਭੋਲਾ, ਰਣਵੀਰ ਸਿੰਘ, ਨਵਰੀਤ ਸਿੰਘ, ਰਵੀ ਖੁਰਮੀ ਅਤੇ ਨਵਤੇਜ ਸਿੰਘ (ਡੀਪੀਈ) ਸਮੇਤ ਹੋਰ ਅਧਿਆਪਕ ਹਾਜ਼ਰ ਸਨ।