ਬਠਿੰਡਾ, 22 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਆਜ਼ਾਦੀ ਦਿਹਾੜੇ ਦਾ ਜ਼ਿਲ੍ਹਾ ਪੱਧਰੀ ਸਮਾਗਮ ਸ਼ਾਨੋ-ਸ਼ੌਕਤ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਮਨਾਇਆ ਜਾਵੇਗਾ। ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਆਜ਼ਾਦੀ ਦਿਹਾੜੇ ਦੀ ਤਿਆਰੀਆਂ ਸਬੰਧੀ ਬੁਲਾਈ ਗਈ ਬੈਠਕ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਦੇ ਨਾਲ-ਨਾਲ ਸਮਾਗਮ ’ਚ ਸ਼ਾਨਦਾਰ ਪੁਲਸ ਅਤੇ ਹਥਿਆਰਬੰਦ ਬਲਾਂ ਵਲੋਂ ਪਰੇਡ ਪੇਸ਼ ਕੀਤੀ ਜਾਵੇਗੀ। ਨਾਲ ਹੀ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਲੋਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਦੌਰਾਨ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਵੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਹਿਦਾਇਤ ਕੀਤੀ ਕਿ ਸਮਾਗਮ ਵਾਲੇ ਦਿਨ ਅਤੇ ਰਿਹਰਸਲਾਂ ਦੌਰਾਨ ਪਰੇਡ ਅਤੇ ਸੱਭਿਆਚਾਰਕ ਸਮਾਗਮ ਚ ਭਾਗ ਲੈਣ ਵਾਲੇ ਲੋਕਾਂ ਲਈ ਪਾਣੀ ਦਾ ਵਿਸ਼ੇਸ਼ ਪ੍ਰਬੰਧ ਰੱਖਿਆ ਜਾਵੇ। ਇਸ ਤੋਂ ਇਲਾਵਾ ਪੁਲਸ ਨੂੰ ਹਿਦਾਇਤ ਕੀਤੀ ਗਈ ਕਿ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਅਤੇ ਟਰੈਫ਼ਿਕ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਇਸ ਤੋਂ ਇਲਾਵਾ ਨਗਰ ਨਿਗਮ ਬਠਿੰਡਾ ਨੂੰ ਸ਼ਹਿਰ ਦੀ ਸਾਫ਼ ਸਫ਼ਾਈ, ਜ਼ਿਲ੍ਹਾ ਖੇਡ ਅਫ਼ਸਰ ਨੂੰ ਸਟੇਡੀਅਮ ਦੇ ਰੱਖ-ਰਖਾਵ ਸਬੰਧੀ ਨਿਰਦੇਸ਼ ਦਿੱਤੇ ਗਏ। ਸ਼ਹਿਰ ਵਿਚ ਵੱਖ-ਵੱਖ ਥਾਵਾਂ ਉੱਤੇ ਸਵਾਗਤੀ ਗੇਟ ਲਗਾਏ ਜਾਣੇ ਹਨ ਅਤੇ ਇਨ੍ਹਾਂ ਗੇਟਾਂ ਨੂੰ ਸਜਾਉਣ ਦਾ ਕੰਮ ਵੱਖ-ਵੱਖ ਵਿਭਾਗਾਂ ਨੂੰ ਦਿੱਤਾ ਗਿਆ ਹੈ।