ਸਰਕਾਰ ਵਲੋਂ ਮੌੜ ਖੇਤਰ ’ਚ ਜੀ. ਆਈ. ਐੱਸ.
ਆਧਾਰਿਤ ਮਾਸਟਰ ਪਲਾਨ ਲਈ ਹੋ ਰਿਹੈ ਡਰੋਨ ਸਰਵੇ
ਜ਼ਮੀਨ ਐਕੁਆਇਰ ਕਰਨ ਦੀ ਕੋਈ ਯੋਜਨਾ ਨਹੀਂ-ਟਾਊਨ ਪਲਾਨਰ ਸੰਦੀਪ ਸਿੰਘ
ਬਠਿੰਡਾ, 22 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਨਗਰ ਅਤੇ ਗ੍ਰਾਮੀਣ ਯੋਜਨਾਬੰਦੀ ਵਿਭਾਗ ਵਲੋਂ ਮੌੜ ਨਗਰ ਕੌਂਸਲ ਅਤੇ ਨਾਲ ਲੱਗਦੇ ਪਿੰਡਾਂ ਨੂੰ ਸ਼ਾਮਲ ਕਰਦਿਆਂ ਜਿਓਗ੍ਰਾਫਿਕ ਇਨਫਰਮੇਸ਼ਨ ਸਿਸਟਮ (ਜੀ. ਆਈ.
ਬਠਿੰਡਾ, 22 ਅਗਸਤ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਨਗਰ ਅਤੇ ਗ੍ਰਾਮੀਣ ਯੋਜਨਾਬੰਦੀ ਵਿਭਾਗ ਵਲੋਂ ਮੌੜ ਨਗਰ ਕੌਂਸਲ ਅਤੇ ਨਾਲ ਲੱਗਦੇ ਪਿੰਡਾਂ ਨੂੰ ਸ਼ਾਮਲ ਕਰਦਿਆਂ ਜਿਓਗ੍ਰਾਫਿਕ ਇਨਫਰਮੇਸ਼ਨ ਸਿਸਟਮ (ਜੀ.ਆਈ.ਐੱਸ.) ਆਧਾਰਤ ਮਾਸਟਰ ਪਲਾਨ ਤਿਆਰ ਕਰਨ ਲਈ ਡਰੋਨ ਰਾਹੀਂ ਸਰਵੇ ਕਰਵਾਇਆ ਜਾ ਰਿਹਾ ਹੈ। ਵਿਭਾਗ ਅਨੁਸਾਰ ਡਰੋਨ ਸਰਵੇ ਦਾ ਮਕਸਦ ਸਿਰਫ਼ ਮੌਜੂਦਾ ਭੂਮੀ ਵਰਤੋਂ ਨਾਲ ਸਬੰਧਿਤ ਡਾਟਾ ਇਕੱਠਾ ਕਰਨਾ ਹੈ। ਇਸ ਸੰਬੰਧੀ ਸੀਨੀਅਰ ਟਾਊਨ ਪਲਾਨਰ ਬਠਿੰਡਾ ਸੰਦੀਪ ਕੁਮਾਰ ਨੇ ਦੱਸਿਆ ਕਿ ਸਰਵੇ ਦੌਰਾਨ ਖੇਤੀਬਾੜੀ, ਵਪਾਰਕ ਖੇਤਰ, ਇਮਾਰਤਾਂ, ਜਲ ਸਰੋਤ, ਜੰਗਲਾਂ, ਸੜਕਾਂ ਆਦਿ ਨਾਲ ਸਬੰਧਿਤ ਮੌਜੂਦਾ ਭੂਮੀ ਵਰਤੋਂ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਡਾਟਾ ਭਵਿੱਖ ਦੀਆਂ ਸਰਕਾਰੀ ਯੋਜਨਾਵਾਂ ਤਿਆਰ ਕਰਨ ਦੇ ਨਾਲ-ਨਾਲ ਆਮ ਲੋਕਾਂ ਲਈ ਵੀ ਲਾਹੇਵੰਦ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਡਰੋਨ ਸਰਵੇ ਦਾ ਜ਼ਮੀਨ ਐਕੁਆਇਰ ਕਰਨ ਜਾਂ ਕਿਸੇ ਇੰਡਸਟਰੀ ਦੀ ਸਥਾਪਨਾ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਪੈਦਲ ਜਾ ਕੇ ਭੂਮੀ ਵਰਤੋਂ ਡਾਟਾ ਇਕੱਠਾ ਕਰਨ ਵਿਚ ਬਹੁਤ ਸਮਾਂ ਲੱਗਦਾ ਹੈ। ਇਸ ਲਈ ਮੌਜੂਦਾ ਟੈਕਨਾਲੋਜੀ ਦਾ ਸਹਾਰਾ ਲੈਂਦਿਆਂ ਡਰੋਨ ਸਰਵੇ ਚੁਣਿਆ ਗਿਆ ਅਤੇ ਇਸ ਦੇ ਲਈ ਸਰਕਾਰ ਵਲੋਂ ਕੁਝ ਪ੍ਰਾਈਵੇਟ ਏਜੰਸੀਆਂ ਨੂੰ ਕੰਮ ਦਿੱਤਾ ਗਿਆ, ਜੋ ਸਰਵੇ ਕਰ ਰਹੀਆਂ ਹਨ। ਸਰਕਾਰ ਵਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਡਰੋਨ ਉਡਾਉਣ ਦੀ ਮਨਜ਼ੂਰੀ ਵੀ ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਦੇ ਦਫ਼ਤਰ ਤੋਂ ਲਈ ਗਈ ਹੈ। ਸੰਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਵਿਚ ਕੁਲ 141 ਮਾਸਟਰ ਪਲਾਨ ਤਿਆਰ ਕੀਤੇ ਜਾਣੇ ਹਨ, ਜਿਨ੍ਹਾਂ ਵਿਚੋਂ ਕਰੀਬ 46 ਮਾਸਟਰ ਪਲਾਨ ਤਿਆਰ ਹੋ ਕੇ ਨੋਟੀਫਾਈਡ ਹੋ ਚੁੱਕੇ ਹਨ। ਬਠਿੰਡਾ, ਤਲਵੰਡੀ ਸਾਬੋ, ਰਾਮਾਂ ਮੰਡੀ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਕੋਟਕਪੂਰਾ ਅਤੇ ਅਬੋਹਰ ਸਮੇਤ ਕਈ ਖੇਤਰਾਂ ਦੇ ਮਾਸਟਰ ਪਲਾਨ ਤਿਆਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੌੜ ਖੇਤਰ ਦਾ ਮਾਸਟਰ ਪਲਾਨ ਤਿਆਰ ਕਰਨ ਤੋਂ ਪਹਿਲਾਂ ਮੌਜੂਦਾ ਭੂਮੀ ਵਰਤੋਂ ਸਬੰਧੀ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ। ਮਾਸਟਰ ਪਲਾਨ ਦੀ ਪ੍ਰਕਾਸ਼ਨਾ ਤੋਂ ਬਾਅਦ ਆਮ ਲੋਕਾਂ ਤੋਂ ਇਤਰਾਜ਼ ਅਤੇ ਸੁਝਾਅ ਵੀ ਮੰਗੇ ਜਾਣਗੇ ਅਤੇ ਇਸ ਪ੍ਰਕਿਰਿਆ ਉਪਰੰਤ ਹੀ ਮਾਸਟਰ ਪਲਾਨ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।