ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਹਰ ਸ਼ਨੀਵਾਰ ‘ਨੋ ਵਰਕ ਡੇ’ ਰੱਖਣ ਦੇ ਫ਼ੈਸਲੇ ਤਹਿਤ ਵਕੀਲਾਂ ਵਲੋਂ ਕੰਮਕਾਜ ਬੰਦ
ਬਠਿੰਡਾ, 3 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਵਲੋਂ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਲਾਗੂ ਪੰਜ ਦਿਨਾਂ ਹਫ਼ਤਾ ਪ੍ਰਣਾਲੀ ਬਠਿੰਡਾ ਵਿਚ ਲਾਗੂ ਕਰਦਿਆਂ ਸਮੂਹ ਵਕੀਲਾਂ ਵਲੋਂ ਆਪਣਾ ਕੰਮਕਾਜ ਬੰਦ ਰੱਖਿਆ ਗਿਆ। ਇਹ ਫ਼ੈਸਲਾ ਬਾਰ ਵਲੋਂ ਪਹਿਲੀ ਵਾਰ ਲਾਗੂ ਕੀਤਾ ਗਿਆ ਹੈ।
ਬਠਿੰਡਾ, 3 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਵਲੋਂ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈਕੋਰਟ ਵਿਚ ਲਾਗੂ ਪੰਜ ਦਿਨਾਂ ਹਫ਼ਤਾ ਪ੍ਰਣਾਲੀ ਬਠਿੰਡਾ ਵਿਚ ਲਾਗੂ ਕਰਦਿਆਂ ਸਮੂਹ ਵਕੀਲਾਂ ਵਲੋਂ ਆਪਣਾ ਕੰਮਕਾਜ ਬੰਦ ਰੱਖਿਆ ਗਿਆ। ਇਹ ਫ਼ੈਸਲਾ ਬਾਰ ਵਲੋਂ ਪਹਿਲੀ ਵਾਰ ਲਾਗੂ ਕੀਤਾ ਗਿਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਪੰਜ ਦਿਨਾਂ ਹਫ਼ਤਾ ਲਾਗੂ ਕਰਨ ਲਈ ਹਫ਼ਤੇ ਦੇ ਹਰ ਸ਼ਨੀਵਾਰ ‘ਨੋ ਵਰਕ ਡੇ’ ਰੱਖਣ ਸਬੰਧੀ ਬਾਰ ਦੀ ਤਤਕਾਲੀ ਪ੍ਰਬੰਧਕ ਕਮੇਟੀ ਵਲੋਂ 5 ਅਪ੍ਰੈਲ 2024 ਨੂੰ ਜਨਰਲ ਹਾਊਸ ਵਿਚ ਫ਼ੈਸਲਾ ਲਿਆ ਗਿਆ ਸੀ, ਜਿਸ ਨੂੰ ਅੱਜ ਤੋਂ ਲਾਗੂ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਲੋਕ ਅਦਾਲਤ ਦੇ ਦਿਨ ਨੂੰ ਛੱਡ ਕੇ ਹੁਣ ਸਮੂਹ ਵਕੀਲ ਹਰ ਸ਼ਨੀਵਾਰ ਕੰਮ ਬੰਦ ਰੱਖਣਗੇ। ਉਨ੍ਹਾਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਅਤੇ ਵਕੀਲਾਂ ਅਤੇ ਉਨ੍ਹਾਂ ਦੇ ਕਲਾਇੰਟਜ਼ ਨੂੰ ਕੋਈ ਪ੍ਰੇਸ਼ਾਨੀ ਨਾ ਆਉਣ ਦੇ ਮਕਸਦ ਨਾਲ ਬਾਰ ਦੀ ਸਮੁੱਚੀ ਟੀਮ ਬਾਰ ਦੇ ਸਕੱਤਰ ਗੁਰਜੋਤ ਸਿੰਘ ਸਿੱਧੂ, ਮੀਤ ਪ੍ਰਧਾਨ ਹੁਸਨਿੰਦਰ ਪਾਲ ਸਿੰਘ ਸਿੱਧੂ, ਜੁਆਇੰਟ ਸਕੱਤਰ ਅਮਨਦੀਪ ਕੌਰ ਸਿੱਧੂ, ਮੀਤ ਪ੍ਰਧਾਨ ਸ਼ਗਨਦੀਪ ਕੌਰ ਸਿੱਧੂ ਅਤੇ ਖ਼ਜ਼ਾਨਚੀ ਅਰਸ਼ਦੀਪ ਸ਼ਰਮਾ ਵਲੋਂ ਅਦਾਲਤੀ ਕੰਪਲੈਕਸ ਵਿਚ ਵੱਖ-ਵੱਖ ਥਾਵਾਂ ‘ਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਗਈ ਤੇ ਤੈਅ ਤਰੀਖ ‘ਤੇ ਪੁੱਜਣ ਵਾਲੇ ਲੋਕਾਂ ਨੂੰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਅਗਲੀਆਂ ਤਾਰੀਖ਼ਾਂ ਲੈ ਕੇ ਦਿੱਤੀਆਂ ਗਈਆਂ। ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ ਨੇ ਅੱਜ ਦੇ ‘ਨੋ ਵਰਕ ਡੇ’ ਨੂੰ ਸਫਲ ਬਣਾਉਣ ਲਈ ਸਮੂਹ ਵਕੀਲ ਭਾਈਚਾਰੇ ਅਤੇ ਜੱਜਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।