ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਦੀ ਕੁੱਟਮਾਰ ਦੇ ਦੋਸ਼ ਪੇਕੇ ਘਰ ਦਾ ਗੇਟ ਤੋੜ ਕੇ ਦਾਖ਼ਲ ਹੋਣ ਦਾ ਵੀ ਇਲਜ਼ਾਮ
ਰਾਮਾਂ ਮੰਡੀ, 5 ਅਕਤੂਬਰ (ਤਰਸੇਮ ਸਿੰਗਲਾ)- ਪਿੰਡ ਗਿਆਨਾ ਵਾਸੀ ਸਾਬਕਾ ਫ਼ੌਜੀ ਸੁਖਦੇਵ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਆਪਣੀ ਵਿਆਹੁਤਾ ਲੜਕੀ ਦੇ ਸਹੁਰੇ ਪਰਿਵਾਰ ‘ਤੇ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ। ਉਸ ਨੇ ਆਪਣੇ ਜਵਾਈ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਹਥਿਆਰਾਂ ਸਮੇਤ ਉਸ ਦੇ ਘਰ ਆ ਕੇ ਗੇਟ ਤੋੜ ਕੇ ਅੰਦਰ ਦਾਖ਼ਲ ਹੋਣ ਦਾ ਵੀ ਇਲਜ਼ਾਮ ਲਗਾਇਆ ਹੈ।
ਰਾਮਾਂ ਮੰਡੀ, 5 ਅਕਤੂਬਰ (ਤਰਸੇਮ ਸਿੰਗਲਾ)- ਪਿੰਡ ਗਿਆਨਾ ਵਾਸੀ ਸਾਬਕਾ ਫ਼ੌਜੀ ਸੁਖਦੇਵ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਆਪਣੀ ਵਿਆਹੁਤਾ ਲੜਕੀ ਦੇ ਸਹੁਰੇ ਪਰਿਵਾਰ ‘ਤੇ ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ। ਉਸ ਨੇ ਆਪਣੇ ਜਵਾਈ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਹਥਿਆਰਾਂ ਸਮੇਤ ਉਸ ਦੇ ਘਰ ਆ ਕੇ ਗੇਟ ਤੋੜ ਕੇ ਅੰਦਰ ਦਾਖ਼ਲ ਹੋਣ ਦਾ ਵੀ ਇਲਜ਼ਾਮ ਲਗਾਇਆ ਹੈ। ਸੁਖਦੇਵ ਸਿੰਘ ਅਨੁਸਾਰ ਉਸ ਦੀ ਲੜਕੀ ਹਰਪ੍ਰੀਤ ਕੌਰ ਦਾ ਵਿਆਹ ਕਰੀਬ ਪੰਜ ਸਾਲ ਪਹਿਲਾਂ ਕੁਲਜੀਤ ਸਿੰਘ ਵਾਸੀ ਗਾਟਵਾਲੀ ਨਾਲ ਹੋਇਆ ਸੀ ਅਤੇ ਉਨ੍ਹਾਂ ਦੀ ਸਾਢੇ ਤਿੰਨ ਸਾਲ ਦੀ ਬੇਟੀ ਹੈ। ਉਸ ਨੇ ਦੱਸਿਆ ਕਿ ਵਿਆਹ ਸਮੇਂ ਆਪਣੀ ਹੈਸੀਅਤ ਅਨੁਸਾਰ ਕਰੀਬ 4-5 ਲੱਖ ਰੁਪਏ ਖ਼ਰਚ ਕਰਨ ਤੋਂ ਇਲਾਵਾ ਲੜਕੀ ਨੂੰ ਕਰੀਬ ਤਿੰਨ ਤੋਲੇ ਸੋਨੇ ਦੇ ਗਹਿਣੇ ਦਿੱਤੇ ਸਨ। ਉਸ ਦੇ ਦੋਸ਼ ਅਨੁਸਾਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਲੜਕੀ ਦੇ ਸਹੁਰੇ ਜਸਪਾਲ ਸਿੰਘ ਅਤੇ ਪਤੀ ਕੁਲਜੀਤ ਸਿੰਘ ਵਲੋਂ ਨਵੀਂ ਕਾਰ ਅਤੇ ਬਿਜਲੀ ਦਾ ਸਾਮਾਨ ਲਿਆਉਣ ਲਈ ਦਾਜ ਦੀ ਮੰਗ ਕੀਤੀ ਜਾਣ ਲੱਗੀ ਅਤੇ ਮੰਗ ਪੂਰੀ ਨਾ ਹੋਣ ‘ਤੇ ਉਸ ਦੀ ਲੜਕੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਬਿਆਨ ਮੁਤਾਬਿਕ 30 ਸਤੰਬਰ ਨੂੰ ਹਰਪ੍ਰੀਤ ਕੌਰ ਨੇ ਫ਼ੋਨ ਕਰਕੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਬਾਰੇ ਦੱਸਿਆ, ਜਿਸ ‘ਤੇ ਸੁਖਦੇਵ ਸਿੰਘ ਆਪਣੀ ਲੜਕੀ ਅਤੇ ਦੋਹਤੀ ਨੂੰ ਗਾਟਵਾਲੀ ਤੋਂ ਆਪਣੇ ਘਰ ਗਿਆਨਾ ਲੈ ਆਇਆ। ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਕਿ 1 ਅਕਤੂਬਰ ਨੂੰ ਦੁਪਹਿਰ ਕਰੀਬ 12 ਵਜੇ ਕੁਲਜੀਤ ਸਿੰਘ 10-12 ਅਣਪਛਾਤੇ ਵਿਅਕਤੀਆਂ ਸਮੇਤ ਹਥਿਆਰ ਲੈ ਕੇ ਉਸ ਦੇ ਘਰ ਪਹੁੰਚਿਆ। ਕਥਿਤ ਤੌਰ ‘ਤੇ ਗਾਲੀ-ਗਲੋਚ ਕਰਦਿਆਂ ਘਰ ਦਾ ਗੇਟ ਤੋੜ ਕੇ ਉਹ ਅੰਦਰ ਦਾਖ਼ਲ ਹੋ ਗਏ। ਰੌਲਾ ਪੈਣ ‘ਤੇ ਆਸ-ਪਾਸ ਦੇ ਲੋਕ ਇਕੱਠੇ ਹੋਏ ਤਾਂ ਕਥਿਤ ਤੌਰ ‘ਤੇ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਸੁਖਦੇਵ ਸਿੰਘ ਨੇ ਪੁਲਿਸ ਤੋਂ ਕੁਲਜੀਤ ਸਿੰਘ, ਜਸਪਾਲ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਰਾਮਾਂ ਥਾਣਾ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਏ.ਐਸ.ਆਈ. ਜਸਵਿੰਦਰ ਸਿੰਘ ਕਰ ਰਹੇ ਹਨ।