ਆੜ੍ਹਤੀਆਂ ਤੇ ਮਜ਼ਦੂਰਾਂ ਦੀ ਖੱਜਲ-ਖੁਆਰੀ ਰੋਕਣ ਲਈ ਜਥੇਬੰਦੀਆਂ ਨੇ ਚੁੱਕਿਆ ਮੁੱਦਾ
ਮਹਿਮਾ ਸਰਜਾ, 11 ਅਕਤੂਬਰ (ਬਲਦੇਵ ਸੰਧੂ)- ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਅਤੇ ਕਣਕ ਦੇ ਖ਼ਰੀਦ ਸੀਜ਼ਨ ਦੌਰਾਨ ਖ਼ਰੀਦੀ ਜਿਣਸ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਉਣਾ ਇਕ ਵੱਡੀ ਚੁਨੌਤੀ ਬਣਿਆ ਰਹਿੰਦਾ ਹੈ। ਇਕ ਪਾਸੇ ਮੰਡੀਆਂ ਵਿਚ ਨਵੀਂ ਫ਼ਸਲ ਦੀ ਆਮਦ ਜ਼ੋਰ ਫੜਦੀ ਹੈ, ਦੂਜੇ ਪਾਸੇ ਗੁਦਾਮਾਂ ਵਿਚ ਪਹਿਲਾਂ ਤੋਂ ਪਏ ਅਨਾਜ ਦੀ ਨਿਕਾਸੀ ਅਤੇ ਉਸ ਦੀ ਢੋਆ-ਢੁਆਈ ਲਈ ਮਾਲ-ਗੱਡੀਆਂ ਦੀ ਉਪਲਬਧਤਾ ਦਾ ਮਸਲਾ ਮੰਡੀ ਪ੍ਰਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ।
ਮ
ਮਹਿਮਾ ਸਰਜਾ ਅਨਾਜ ਮੰਡੀ ਕਣਕ ਦੀ ਚੁਕਾਈ ਨਾ ਹੋਣ ਕਾਰਨ ਲੱਗੇ ਢੇਰ । ਤਸਵੀਰ: ਬਲਦੇਵ ਸੰਧੂ।
12-10-2026
ਮਹਿਮਾ ਸਰਜਾ, 11 ਅਕਤੂਬਰ (ਬਲਦੇਵ ਸੰਧੂ)- ਪੰਜਾਬ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਅਤੇ ਕਣਕ ਦੇ ਖ਼ਰੀਦ ਸੀਜ਼ਨ ਦੌਰਾਨ ਖ਼ਰੀਦੀ ਜਿਣਸ ਦੀ ਸਮੇਂ ਸਿਰ ਚੁਕਾਈ ਯਕੀਨੀ ਬਣਾਉਣਾ ਇਕ ਵੱਡੀ ਚੁਨੌਤੀ ਬਣਿਆ ਰਹਿੰਦਾ ਹੈ। ਇਕ ਪਾਸੇ ਮੰਡੀਆਂ ਵਿਚ ਨਵੀਂ ਫ਼ਸਲ ਦੀ ਆਮਦ ਜ਼ੋਰ ਫੜਦੀ ਹੈ, ਦੂਜੇ ਪਾਸੇ ਗੁਦਾਮਾਂ ਵਿਚ ਪਹਿਲਾਂ ਤੋਂ ਪਏ ਅਨਾਜ ਦੀ ਨਿਕਾਸੀ ਅਤੇ ਉਸ ਦੀ ਢੋਆ-ਢੁਆਈ ਲਈ ਮਾਲ-ਗੱਡੀਆਂ ਦੀ ਉਪਲਬਧਤਾ ਦਾ ਮਸਲਾ ਮੰਡੀ ਪ੍ਰਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ। ਇਹੀ ਹਾਲ ਇਸ ਵਾਰ ਦੇਖਣ ਨੂੰ ਮਿਲ ਰਿਹਾ ਹੈ, ਝੋਨੇ ਦੀ ਖ਼ਰੀਦ ਦੇ ਸ਼ੁਰੂਆਤੀ ਦਿਨਾਂ ਅੰਦਰ ਸਪੈਸ਼ਲਾਂ ਨੇ ਦਸਤਕ ਦਿੱਤੀ ਹੈ ਤੇ ਅੱਜ ਜ਼ਿਲ੍ਹਾ ਬਠਿੰਡਾ ਦੇ ਗੋਨਿਆਣਾ ਖੇਤਰ ਵਿਚ ਸੀਜ਼ਨ ਦੀ ਲੱਗੀ ਪਹਿਲੀ ਸਪੈਸ਼ਲ ਕਾਰਨ ਦਾਣਾ ਮੰਡੀਆਂ ਵਿਚ ਝੋਨੇ ਦੀ ਚੁਕਾਈ ਦਾ ਕੰਮ ਬੰਦ ਰਿਹਾ ਤੇ ਇਹ ਸਮੱਸਿਆ ਸੀਜ਼ਨ ਭਰ ਸਮੇਂ ਸਮੇਂ ਉਪਰ ਬਣੀ ਰਹਿਣ ਦੀਆਂ ਸੰਭਾਵਨਾਵਾਂ ਹਨ। ਇਸ ਪ੍ਰਬੰਧਕੀ ਉਲਝਣ ਦੀ ਮਾਰ ਆਖ਼ਰਕਾਰ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਝੱਲਣੀ ਪੈਂਦੀ ਹੈ। ਕਿਸਾਨ ਜਥੇਬੰਦੀਆਂ ਅਤੇ ਆੜ੍ਹਤੀਆਂ ਦੀਆਂ ਐਸੋਸੀਏਸ਼ਨਾਂ ਦੇ ਪੱਖ ਤੋਂ ਇਸ ਮਸਲੇ ਨੂੰ ਵੇਖਿਆ ਜਾਵੇ ਤਾਂ ਸਵਾਲ ਉੱਠਦਾ ਹੈ ਕਿ ਜਦੋਂ ਫ਼ਸਲਾਂ ਦੀ ਆਮਦ ਦਾ ਸਮਾਂ ਪਹਿਲਾਂ ਤੋਂ ਨਿਰਧਾਰਿਤ ਹੈ ਤਾਂ ਗੁਦਾਮਾਂ ਦੀ ਨਿਕਾਸੀ ਅਤੇ ਜਿਣਸ ਦੀ ਢੋਆ-ਢੁਆਈ ਲਈ ਅਗਾਊਂ ਤੇ ਪੁਖ਼ਤਾ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ? ਖ਼ਰੀਦ ਪ੍ਰਬੰਧਾਂ ਦੀ ਸਫਲਤਾ ਸਿਰਫ਼ ਸਰਕਾਰੀ ਖ਼ਰੀਦ ਸ਼ੁਰੂ ਕਰਨ ਜਾਂ ਫ਼ਸਲ ਦੀ ਅਦਾਇਗੀ ਤੱਕ ਸੀਮਤ ਨਹੀਂ, ਸਗੋਂ ਮੰਡੀ ਵਿਚੋਂ ਜਿਣਸ ਦੀ ਨਿਰਵਿਘਨ ਚੁਕਾਈ ਵੀ ਇਸ ਦੀ ਅਹਿਮ ਕੜੀ ਹੈ। ਜਦੋਂ ਖ਼ਰੀਦੀ ਫ਼ਸਲ ਦੀਆਂ ਬੋਰੀਆਂ ਮੰਡੀਆਂ ਵਿਚੋਂ ਸਮੇਂ ਸਿਰ ਨਹੀਂ ਚੁੱਕੀਆਂ ਜਾਂਦੀਆਂ ਤਾਂ ਥਾਂ ਦੀ ਘਾਟ ਪੈਦਾ ਹੁੰਦੀ ਹੈ। ਇਸ ਨਾਲ ਨਵੀਂ ਫ਼ਸਲ ਉਤਾਰਨ, ਉਸ ਦੀ ਤੁਲਾਈ, ਢੇਰੀਆਂ ਦੀ ਸੰਭਾਲ ਅਤੇ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਮੁਸ਼ਕਿਲਾਂ ਆਉਂਦੀਆਂ ਹਨ। ਆੜ੍ਹਤੀਏ ਭੰਡਾਰਨ ਅਤੇ ਪ੍ਰਬੰਧਕੀ ਦਬਾਅ ਹੇਠ ਆਉਂਦੇ ਹਨ, ਮਜ਼ਦੂਰਾਂ ਦੇ ਕੰਮ ਦੀ ਵਿਵਸਥਾ ਪ੍ਰਭਾਵਿਤ ਹੁੰਦੀ ਹੈ ਅਤੇ ਕਿਸਾਨਾਂ ਨੂੰ ਮੰਡੀ ਵਿਚ ਬੇਲੋੜੀ ਉਡੀਕ ਕਰਨੀ ਪੈ ਸਕਦੀ ਹੈ। ਇਸ ਤਰ੍ਹਾਂ ਪ੍ਰਬੰਧਕੀ ਦੇਰੀ ਦਾ ਬੋਝ ਉਨ੍ਹਾਂ ਧਿਰਾਂ ਉੱਤੇ ਪੈਂਦਾ ਹੈ, ਜਿਨ੍ਹਾਂ ਦੀ ਮਿਹਨਤ ਨਾਲ ਖੇਤੀਬਾੜੀ ਦੀ ਸਮੁੱਚੀ ਆਰਥਿਕਤਾ ਚੱਲਦੀ ਹੈ। ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਜਥੇਬੰਦੀਆਂ ਦੀ ਮੰਗ ਦੇ ਪੱਖ ਤੋਂ ਪੰਜਾਬ ਤੇ ਕੇਂਦਰ ਸਰਕਾਰ ਨੂੰ ਸਾਂਝਾ ਖ਼ਾਕਾ ਤਿਆਰ ਕਰਨ ਦੀ ਲੋੜ ਹੈ। ਹਾੜ੍ਹੀ ਅਤੇ ਸਾਉਣੀ ਦੇ ਖ਼ਰੀਦ ਸੀਜ਼ਨਾਂ ਦੌਰਾਨ ਅਨਾਜ ਦੀ ਨਿਕਾਸੀ ਲਈ ਮਾਲ-ਗੱਡੀਆਂ ਦੇ ਵਿਸ਼ੇਸ਼ ਰੈਕਾਂ ਦੀ ਅਗਾਊਂ ਸਮਾਂ-ਸਾਰਣੀ ਬਣਾਈ ਜਾਵੇ ਅਤੇ ਮੰਡੀਆਂ ਵਿਚੋਂ ਖ਼ਰੀਦੀ ਜਿਣਸ ਦੀ ਲਿਫ਼ਟਿੰਗ ਲਈ ਵੱਖਰਾ ਕੋਟਾ ਨਿਰਧਾਰਿਤ ਕੀਤਾ ਜਾਵੇ। ਇਸ ਦੇ ਨਾਲ ਹੀ ਰੇਲਵੇ, ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ, ਖ਼ਰੀਦ ਏਜੰਸੀਆਂ ਅਤੇ ਟਰਾਂਸਪੋਰਟ ਵਿਭਾਗ ਵਿਚਕਾਰ ਤਾਲਮੇਲ ਮਜ਼ਬੂਤ ਕੀਤਾ ਜਾਵੇ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਵੱਡੀ ਅਣਗਹਿਲੀ ਹੈ ਉਨ੍ਹਾਂ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਫ਼ਸਲਾਂ ਦੀ ਆਮਦ, ਖ਼ਰੀਦ, ਭੰਡਾਰਨ ਅਤੇ ਨਿਕਾਸੀ ਨੂੰ ਵੱਖ-ਵੱਖ ਵਿਭਾਗਾਂ ਦੀ ਅਲੱਗ-ਅਲੱਗ ਜ਼ਿੰਮੇਵਾਰੀ ਸਮਝਣ ਦੀ ਬਜਾਏ ਇੱਕ ਸਾਂਝੀ ਪ੍ਰਕਿਰਿਆ ਵਜੋਂ ਚਲਾਇਆ ਜਾਵੇ। ਜੇਕਰ ਗੁਦਾਮਾਂ ਦੀ ਨਿਕਾਸੀ ਲਈ ਫ਼ਸਲੀ ਸੀਜ਼ਨ ਤੋਂ ਪਹਿਲਾਂ ਹੀ ਢੁਕਵੇਂ ਪ੍ਰਬੰਧ ਹੋਣ ਅਤੇ ਲਿਫ਼ਟਿੰਗ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾਵੇ ਤਾਂ ਮੰਡੀਆਂ ਵਿਚ ਜਿਣਸ ਦੇ ਬੇਲੋੜੇ ਢੇਰ ਲੱਗਣ ਤੋਂ ਬਚਾਅ ਹੋ ਸਕਦਾ ਹੈ।