ਨਥੇਹਾ ਦੀ ਦਾਣਾ ਮੰਡੀ ’ਚ ਖ਼ਰੀਦ ਦੇ ਢਿੱਲੇ ਪ੍ਰਬੰਧਾਂ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਐੱਸ.ਡੀ.ਐੱਮ. ਨੂੰ ਦਿੱਤਾ ਮੰਗ-ਪੱਤਰ
ਸੀਂਗੋ ਮੰਡੀ, 20 ਨਵੰਬਰ (ਲਕਵਿੰਦਰ ਸ਼ਰਮਾ)- ਨੇੜਲੇ ਪਿੰਡ ਨਥੇਹਾ ਦੀ ਦਾਣਾ ਮੰਡੀ ‘ਚ ਖ਼ਰੀਦ ਦੇ ਢਿੱਲੇ ਪ੍ਰਬੰਧਾਂ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਐਸ. ਡੀ.
ਸੀਂਗੋ ਮੰਡੀ, 20 ਨਵੰਬਰ (ਲਕਵਿੰਦਰ ਸ਼ਰਮਾ)- ਨੇੜਲੇ ਪਿੰਡ ਨਥੇਹਾ ਦੀ ਦਾਣਾ ਮੰਡੀ ‘ਚ ਖ਼ਰੀਦ ਦੇ ਢਿੱਲੇ ਪ੍ਰਬੰਧਾਂ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਐਸ. ਡੀ.ਐਮ ਨੂੰ ਮੰਗ ਪੱਤਰ ਦੇ ਕੇ ਝੋਨੇ ਦੀ ਖ਼ਰੀਦ ਜਲਦੀ ਕਰਨ ਦੀ ਮੰਗ ਕੀਤੀ ਹੈ। ਕਿਸਾਨ ਜਸਵੀਰ ਸਿੰਘ, ਗੁਰਮੀਤ ਸਿੰਘ,ਵਿਸਾਖਾ ਸਿੰਘ, ਹੀਰਾ ਸਿੰਘ, ਵੀਰਬੱਲ ਸਿੰਘ, ਧਨੱਤਰ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ‘ਚ ਸਾਡੇ ਝੋਨੇ ਦੀ ਬੋਲੀ ਨਹੀਂ ਲਾਈ ਜਾ ਰਹੀ ਜਿਸ ਕਾਰਨ ਅਸੀਂ 20-25 ਦਿਨਾਂ ਤੋਂ ਦਾਣਾ ਮੰਡੀ ਵਿਚ ਖੱਜਲ-ਖੁਆਰ ਹੋ ਰਹੇ ਹਾਂ ਜਦੋਂ ਕਿ ਚੰਦਰਕਾਂਤ ਉਰਫ਼ ਕੁਕੀ ਮਾਨਸਾ ਦਾ ਆੜ੍ਹਤੀਆ ਹੈ ਜੋ ਦੂਸਰੇ ਰਾਜਾਂ ਦੇ ਵਪਾਰੀਆਂ ਤੋਂ ਘੱਟ ਮੁੱਲ ਅਤੇ ਕਾਟ ਤੇ ਝੋਨਾ ਖ਼ਰੀਦ ਕੇ ਐਡਵਾਂਸ ਵਿਚ ਹੀ ਬੋਲੀ ਲਗਾ ਲੈਂਦਾ ਹੈ। ਜਿਸ ਦੀ ਸਬੰਧਿਤ ਇੰਸਪੈਕਟਰ, ਮਾਰਕੀਟ ਕਮੇਟੀ ਮੁਲਾਜ਼ਮਾਂ ਨਾਲ ਮਿਲੀ ਭੁਗਤ ਹੈ ਜਿਸ ਕਾਰਨ ਇਹ ਆਪਣੀ ਮਰਜ਼ੀ ਨਾਲ ਬਾਹਰੋਂ ਝੋਨਾ ਖ਼ਰੀਦ ਕੇ ਆਪਣੀ ਦੁਕਾਨ ਤੇ ਛੁਟਵਾ ਕੇ ਵੇਚ ਰਿਹਾ ਹੈ ਅਤੇ ਸਿੱਧਾ ਲਹਿਰੀ ਵਿਖੇ ਲੱਗੀ ਅੰਬੈਰਾ ਰਾਈਸਮਿਲ (ਸੈਲਰ) ਅਤੇ ਜੋੜਕੀਆਂ ਵਿਖੇ ਚੱਲ ਰਹੇ ਮਹਾਂਵੀਰ ਰਾਈਸ ਮਿਲ ਵਿਚ ਲਗਵਾ ਦਿੰਦਾ ਹੈ। ਜਿਸ ਕਾਰਨ ਸਾਡੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਕਾਫੀ ਲੰਮੇ ਸਮੇਂ ਤੋਂ ਰੁਲ ਰਹੀ ਹੈ ਅਤੇ ਸਾਨੂੰ ਕਾਫੀ ਆਰਥਿਕ ਘਾਟਾ ਸਹਿਣਾ ਪੈ ਰਿਹਾ ਹੈ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪਿੰਡ ਦੀ ਦਾਣਾ ਮੰਡੀ ਵਿਚ ਤਣਾਅ ਪੂਰਨ ਮਾਹੌਲ ਬਣ ਸਕਦਾ ਹੈ ਜਿਸ ਲਈ ਸਾਡੀ ਮੰਗ ਹੈ ਕਿ ਪਿੰਡ ਦੀ ਦਾਣਾ ਮੰਡੀ ‘ਚ ਚੱਲ ਰਹੇ ਇਸ ਗੋਰਖ-ਧੰਦੇ ਨੂੰ ਰੋਕਦੇ ਹੋਏ ਕਿਸਾਨਾਂ ਦੀ ਨਿਰਪੱਖਤਾ ਨਾਲ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਜਾਵੇ। ਉਧਰ ਇਸ ਸਬੰਧੀ ਜਦੋਂ ਐਸ.ਡੀ.ਐਮ ਮੈਡਮ ਰੁਪਾਲੀ ਟੰਡਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਸਬੰਧਿਤ ਅਫ਼ਸਰਾਂ ਦੀ ਇੱਕ ਮੀਟਿੰਗ ਬੁਲਾਈ ਹੈ ਤੇ ਕੱਲ੍ਹ ਨੂੰ 11 ਵਜੇ ਨਥੇਹਾ ਦੀ ਦਾਣਾ ਮੰਡੀ ਵਿਚ ਜਾ ਕੇ ਮੁਆਇਨਾ ਕਰਕੇ ਜੋ ਰਿਪੋਰਟ ਆਈ ਉਸ ਅਨੁਸਾਰ ਅਸੀਂ ਕਾਰਵਾਈ ਕਰਾਂਗੇ।