ਭੁੱਚੋ ਮੰਡੀ, 3 ਜਨਵਰੀ (ਪਰਵਿੰਦਰ ਸਿੰਘ ਜੌੜਾ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਬਿਜਲੀ ਐਕਟ-2025, ਬੀਜ ਐਕਟ, ਮਗਨਰੇਗਾ ਯੋਜਨਾ ਨੂੰ ਬਦਲਣ, 4 ਕਿਰਤ ਕਾਨੰੂਨਾਂ ਅਤੇ ਕੁੱਲ ਅਦਾਰਿਆਂ ਦੇ ਨਿੱਜੀਕਰਨ ਖ਼ਿਲਾਫ਼ ਪਿੰਡਾਂ ਵਿਚ ਮੋਟਰਸਾਈਕਲ ਮਾਰਚ ਕੱਢਿਆ ਗਿਆ | ਇਹ ਮਾਰਚ ਭੁੱਚੋ ਖ਼ੁਰਦ ਤੋਂ ਸ਼ੁਰੂ ਕਰਕੇ ਤੁੰਗਵਾਲੀ, ਕਾਹਨ ਸਿੰਘ ਵਾਲਾ, ਭੁੱਚੋ ਮੰਡੀ, ਚੱਕ ਫਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ, ਚੱਕ ਬਖ਼ਤੂ, ਕੋਠੇ ਥਾਂਦੇ, ਲਹਿਰਾ ਖਾਨਾ, ਲਹਿਰਾ ਮੁਹੱਬਤ, ਬਾਠ ਆਦਿ ਪਿੰਡਾਂ ਵਿਚੋਂ ਹੁੰਦਾ ਹੋਇਆ ਲਹਿਰਾ ਬੇਗਾ ਵਿਖੇ ਸਮਾਪਤ ਕੀਤਾ ਗਿਆ | ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਐਕਟ-2025 ਲਿਆ ਰਹੀ ਹੈ, ਨਾਲ ਬਿਜਲੀ ਮੁਨਾਫ਼ੇ ਦਾ ਧੰਦਾ ਬਣਾ ਕੇ ਕਾਰਪੋਰੇਟ ਘਰਾਣਆਂ ਨੂੰ ਕੌਡੀਆਂ ਦੇ ਭਾਅ ਸੰਭਾਉਣ ਜਾ ਰਹੀ ਹੈ | ਇਸੇ ਤਰ੍ਹਾਂ ਲਿਆਂਦੇ ਜਾ ਰਹੇ ਬੀਜ ਐਕਟ ਨਾਲ ਸਿੱਧੇ ਤੌਰ 'ਤੇ ਖੇਤੀ ਉੱਪਰ ਵੱਡੀਆਂ ਕਾਰਪੋਰੇਟੀ ਕੰਪਨੀਆਂ ਦੇ ਕਬਜ਼ੇ ਹੋ ਜਾਣਗੇ | ਮਗਨਰੇਗਾ ਯੋਜਨਾ ਨਾਲ ਮਜ਼ਦੂਰਾਂ ਨੂੰ ਜੋ ਆਪਣੇ ਪਰਿਵਾਰ ਪਾਲਣ ਲਈ ਰੁਜ਼ਗਾਰ ਮਿਲਦਾ ਸੀ, ਦਾ ਵੀ ਨਾਂਅ ਬਦਲ ਕੇ ਉਸ ਤੋਂ ਵੀ ਹੱਥ ਪਿੱਛੇ ਖਿੱਚੇ ਜਾ ਰਹੇ ਹਨ | ਠੇਕਾ ਕਾਮੇ ਜੋ ਪਹਿਲਾਂ ਹੀ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਨ ਲਈ ਮਜਬੂਰ ਹਨ, ਲਈ ਵੀ 4 ਕਿਰਤ ਕਾਨੂੰਨ ਲਿਆ ਕੇ ਉਨ੍ਹਾਂ ਦੀ ਰੱਤ ਨੂੰ ਹੋਰ ਨਿਚੋੜਨ ਲਈ ਰਾਹ ਹੋਰ ਪੱਧਰਾ ਕੀਤਾ ਜਾ ਰਿਹਾ ਹੈ | ਪਿਛਲੇ ਦਿਨੀਂ ਪੱਤਰਕਾਰਾਂ, ਸੋਸ਼ਲ ਮੀਡੀਆ ਵਰਤੋਂਕਾਰਾਂ ਅਤੇ ਆਰ. ਟੀ. ਆਈ. ਕਾਰਕੁੰਨਾਂ 'ਤੇ ਪਰਚੇ ਪਾ ਕੇ ਲੋਕ ਦੋਖੀ ਚਿਹਰਾ ਲੋਕਾਂ ਸਾਹਮਣੇ ਨੰਗਾ ਕੀਤਾ ਹੈ | ਉਨ੍ਹਾਂ ਪੱਤਰਕਾਰਾਂ 'ਤੇ ਪਰਚੇ ਦਰਜ ਕਰਨ ਦੀ ਨਿਖੇਧੀ ਕਰਦਿਆਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਦੇ ਇਸ਼ਾਰੇ 'ਤੇ ਕਿਸੇ ਵੀ ਪੱਤਰਕਾਰ ਨੂੰ ਗਿ੍ਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਲੋਕਾਂ ਦੇ ਸਖ਼ਤ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ | 16 ਜਨਵਰੀ ਨੂੰ ਸਮੁੱਚੇ ਪੰਜਾਬ ਵਿਚ ਇਨ੍ਹਾਂ ਲੋਕ-ਮਾਰੂ ਨੀਤੀਆਂ ਖ਼ਿਲਾਫ਼ ਜ਼ਿਲ੍ਹਾ ਹੈੱਡ ਕੁਆਟਰਾਂ 'ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ | ਇਸ ਮਾਰਚ ਵਿਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਆਗੂ ਲਖਵੀਰ ਸਿੰਘ, ਗੁਰਜੰਟ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜ ਗਿੱਲ) ਦੇ ਬੂਟਾ ਸਿੰਘ ਤੁੰਗਵਾਲੀ ਜ਼ਿਲ੍ਹਾ ਮੀਤ ਪ੍ਰਧਾਨ, ਕਿਰਤੀ ਕਿਸਾਨ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮੌਜੂਦ ਸਨ |