ਬਠਿੰਡਾ, 3 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੇ ਸਾਬਕਾ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਹਰ ਲੜਾਈ ਲੜੇਗੀ ਤੇ ਕੇਂਦਰ ਸਰਕਾਰ ਦੇ ਮਨਰੇਗਾ ਨੂੰ ਖ਼ਤਮ ਕਰਨ ਦੇ ਸੁਪਨੇ ਕਦੇ ਪੂਰੇ ਨਹੀਂ ਹੋਣ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਦੇਸ ਦੇ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗ੍ਰੰਟੀ ਦੇਣ ਲਈ ਅੱਜ ਤੋਂ ਲਗਭਗ ਵੀਹ ਸਾਲ ਪਹਿਲਾਂ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਨੈਸ਼ਨਲ ਪੇਂਡੂ ਰੁਜ਼ਗਾਰ ਗ੍ਰੰਟੀ ਯੋਜਨਾ (ਮਨਰੇਗਾ) ਨੂੰ ਹੋਂਦ 'ਚ ਲਿਆਂਦਾ ਸੀ, ਜਿਸ ਤਹਿਤ ਕਰੋੜਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ 'ਚ ਰੁਜ਼ਗਾਰ ਮਿਲਿਆ ਅਤੇ ਇਸ ਤੋਂ ਇਲਾਵਾ ਹੁਣ ਤੱਕ ਪੰਜਾਬ ਸਮੇਤ ਦੇਸ਼ ਭਰ 'ਚ ਮਨਰੇਗਾ ਤਹਿਤ ਵਿਕਾਸ ਦੇ ਕਰੋੜਾਂ ਕਾਰਜ ਹੋਏ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਹੁਣ ਇਸ ਸਕੀਮ ਦਾ ਇਕੱਲਾ ਨਾਂਅ ਹੀ ਨਹੀਂ ਬਦਲਿਆ ਸਗੋਂ ਇਸ ਦੇ ਫ਼ੰਡਾਂ 'ਚੋਂ ਆਪਣੀ ਹਿੱਸੇਦਾਰੀ ਨੂੰ 90 ਫ਼ੀਸਦੀ ਤੋਂ ਘਟਾ ਕੇ 60 ਫ਼ੀਸਦੀ ਅਤੇ ਰਾਜ ਸਰਕਾਰਾਂ ਦੀ ਹਿੱਸੇਦਾਰੀ ਨੂੰ 10 ਫ਼ੀਸਦੀ ਤੋਂ ਵਧਾ ਕੇ 40 ਫ਼ੀਸਦੀ ਕਰਕੇ ਰਾਜ ਸਰਕਾਰਾਂ 'ਤੇ ਵਾਧੂ ਆਰਥਿਕ ਬੋਝ ਪਾਇਆ ਹੈ | ਇਸ ਤੋਂ ਇਲਾਵਾ ਨਵੇਂ ਮਨਰੇਗਾ ਕਾਨੰੂਨ ਤਹਿਤ ਮਜ਼ਦੂਰਾਂ ਤੋਂ ਕੰਮ ਮੰਗਣ ਦਾ ਹੱਕ ਖੋਹ ਲਿਆ ਹੈ | ਜਟਾਣਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੀ ਕੇਂਦਰ ਦੀ ਭਾਜਪਾ ਸਰਕਾਰ ਨਾਲ ਮਿਲੀ ਹੋਈ ਹੈ, ਜਿਸ ਵਲੋਂ ਮਨਰੇਗਾ ਨੂੰ ਕਮਜ਼ੋਰ ਕਰਨ ਦੇ ਮਨਸੂਬੇ ਨਾਲ ਪਿਛਲੇ ਕਈ ਮਹੀਨਿਆਂ ਤੋਂ ਮਨਰੇਗਾ ਦਾ ਕੰਮ ਬੰਦ ਕਰਕੇ ਮਜ਼ਦੂਰਾਂ ਦੇ ਚੁੱਲੇ੍ਹ ਠੰਡੇ ਕੀਤੇ ਹੋਏ ਹਨ ਪਰ ਮਨਰੇਗਾ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦ ਕੇ ਆਮ ਲੋਕਾਂ ਅਤੇ ਮਜ਼ਦੂਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਮਨਰੇਗਾ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਦੇਸ਼ ਪੱਧਰ 'ਤੇ 5 ਜਨਵਰੀ ਤੋਂ ਵੱਡਾ ਅੰਦੋਲਨ ਵਿੱਢਣ ਜਾ ਰਹੀ ਹੈ, ਜਿਸ ਵਿਚ ਪੰਜਾਬ ਸਮੇਤ ਦੇਸ਼ ਦੇ ਸਮੂਹ ਕਿਰਤੀ ਲੋਕ ਅਤੇ ਮਨਰੇਗਾ ਮਜ਼ਦੂਰ ਸ਼ਿਰਕਤ ਕਰਨਗੇ | ਉਨ੍ਹਾਂ ਕਿਹਾ ਕਿ ਮਨਰੇਗਾ ਬਚਾਉਣ ਲਈ ਕਾਂਗਰਸ ਪਾਰਟੀ ਸਮੁੱਚੇ ਮਜ਼ਦੂਰ ਵਰਗ ਦੇ ਨਾਲ ਖੜ੍ਹੀ ਹੈ |