ਬਠਿੰਡਾ, 3 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ ਆਪਣੀ ਸਿਆਸੀ ਸਰਗਰਮੀਆਂ ਨੂੰ ਤੇਜ ਕਰ ਦਿੱਤਾ ਹੈ, ਜਿਸ ਦੇ ਚਲਦਿਆਂ ਪਾਰਟੀ ਦੀ ਵਿਸ਼ੇਸ਼ ਮੀਟਿੰਗ ਸਥਾਨਕ ਧੋਬੀਆਣਾ ਨਗਰ ਵਿਖੇ ਸਤਨਾਮ ਸਿੰਘ ਦੇ ਗ੍ਰਹਿ ਵਿਖੇ ਹੋਈ | ਇਸ ਦੌਰਾਨ ਸੁਰਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਪੱਲਾ ਫੜਿਆ, ਜਿੰਨਾਂ ਦਾ ਪਾਰਟੀ ਦੇ ਬੁਲਾਰੇ ਤੇ ਬਠਿੰਡਾ ਸ਼ਹਿਰੀ ਦੇ ਜਿਲ੍ਹਾ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ ਅਤੇ ਹੋਰ ਆਗੂਆਂ ਨੇ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ | ਇਸ ਮੌਕੇ ਭੋਲਾ ਸਿੰਘ ਗਿੱਲਪੱਤੀ ਨੇ ਕਿਹਾ ਕਿ ਪੰਜਾਬ ਅੰਦਰ ਹੋਣ ਵਾਲੀਆਂ ਅਗਾਮੀ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਪਾਰਟੀ ਵਲੋਂ ਲੜੀਆਂ ਜਾਣਗੀਆਂ, ਜਿੰਨਾਂ ਸਬੰਧੀ ਅੱਜ ਵਿਚਾਰ ਚਰਚਾ ਕੀਤੀ ਗਈ ਹੈ | ਉਨ੍ਹਾਂ ਬਠਿੰਡਾ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਹੁਣ ਤੱਕ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਚੰਗੀ ਤਰ੍ਹਾਂ ਨਾਲ ਪਰਖ਼ ਲਿਆ ਹੈ ਪਰ ਇਸ ਵਾਰ ਨਗਰ ਨਿਗਮ ਚੋਣਾਂ ਵਿਚ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਉਸ ਉਮੀਦਵਾਰ ਲਈ ਕਰਨ ਜੋ ਪੰਜ ਸਾਲ ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਲਈ ਲੜ੍ਹਾਈ ਲੜ ਸਕੇ | ਗਿੱਲਪੱਤੀ ਨੇ ਕਿਹਾ ਕਿ ਪੰਜਾਬ ਅਤੇ ਪੰਥ ਹਿਤੈਸ਼ੀ ਲੋਕਾਂ ਦਾ ਉਨ੍ਹਾਂ ਦੀ ਪਾਰਟੀ ਵਿਚ ਸਵਾਗਤ ਹੈ ਤੇ ਉਨ੍ਹਾਂ ਨੂੰ ਪੂਰਨ ਮਾਣ-ਸਨਮਾਨ ਦਿੱਤਾ ਜਾਵੇਗਾ | ਪਾਰਟੀ 'ਚ ਸ਼ਾਮਲ ਹੋਏ ਸੁਰਜੀਤ ਸਿੰਘ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਚੜਦੀਕਲਾ ਲਈ ਡੱਟਕੇ ਕੰਮ ਕਰਨਗੇ | ਇਸ ਮੌਕੇ ਡਾ. ਭੁਪਿੰਦਰ ਸਿੰਘ, ਬਿਕਰਮ ਸਿੰਘ ਧਿੰਗੜ, ਗੁਰਮੀਤ ਸਿੰਘ ਰਾਠੌਰ, ਸੁਖਦੇਵ ਸਿੰਘ ਚਾਹਲ, ਹਰਪ੍ਰੀਤ ਸਿੰਘ ਸਿੱਧੂ, ਬਲਜਿੰਦਰ ਸਿੰਘ ਸਿੱਧੂ, ਕਿਰਪਾਲ ਸਿੰਘ, ਭੂਰਾ ਸਿੰਘ, ਬਖਸ਼ੀਸ਼ ਸਿੰਘ, ਕੁਲਦੀਪ ਕੌਰ ਤੇ ਮੱਖਣ ਸਿੰਘ ਆਦਿ ਮੌਜੂਦ ਸਨ |