ਰਾਮਪੁਰਾ ਫੂਲ, 28 ਜਨਵਰੀ (ਹੇਮੰਤ ਕੁਮਾਰ ਸ਼ਰਮਾ): ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਰਾਮਪੁਰਾ ਫੂਲ ਵਿਚ ਸਪਤ ਸ਼ਕਤੀ ਕਾਰਜਕ੍ਰਮ ਦਾ ਸਫਲ ਅਤੇ ਪ੍ਰੇਰਣਾਦਾਇਕ ਆਯੋਜਨ ਕੀਤਾ ਗਿਆ | ਇਸ ਕਾਰਜਕ੍ਰਮ ਦਾ ਮੁੱਖ ਉਦੇਸ਼ ਮਹਿਲਾਵਾਂ ਅਤੇ ਲੜਕੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ, ਸਿਹਤ, ਆਤਮ-ਸਨਮਾਨ ਅਤੇ ਸਮਾਜਿਕ ਸਸ਼ਕਤੀਕਰਨ ਪ੍ਰਤੀ ਜਾਗਰੂਕ ਕਰਨਾ ਸੀ | ਸਮਾਗਮ ਦੀ ਭੂਮਿਕਾ ਦੀਦੀ ਕੁਸੁਮ (ਪੰਜਾਬ ਪ੍ਰਾਂਤ, ਸ਼ਿਸ਼ੁ ਵਾਟਿਕਾ ਪ੍ਰਮੁੱਖ) ਵਲੋਂ ਦਿੱਤੀ ਗਈ | ਉਨ੍ਹਾਂ ਨੇ ਸਪਤਸ਼ਕਤੀ ਕਾਰਜਕ੍ਰਮ ਦੀ ਲੋੜ 'ਤੇ ਪ੍ਰਕਾਸ਼ ਪਾਉਂਦਿਆਂ ਮਹਿਲਾਵਾਂ ਦੀ ਭੂਮਿਕਾ ਨੂੰ ਸਮਾਜ ਦੀ ਬੁਨਿਆਦ ਦੱਸਿਆ | ਇਸ ਮੌਕੇ ਪੰਜਾਬ ਪ੍ਰਾਂਤ ਸਪਤਸ਼ਕਤੀ ਕਾਰਜਕ੍ਰਮ ਪ੍ਰਮੁੱਖ ਡਾ. ਰੇਖਾ ਕਾਲੀਆ ਭਾਰਦਵਾਜ ਮੁੱਖ ਬੁਲਾਰੇ ਵਜੋਂ ਹਾਜ਼ਰ ਸਨ | ਉਨ੍ਹਾਂ ਨੇ ਮਹਿਲਾਵਾਂ ਦੀਆਂ ਸਪਤ ਸ਼ਕਤੀਆਂ 'ਤੇ ਵਿਸਥਾਰ ਨਾਲ ਚਰਚਾ ਕਰਦਿਆਂ ਆਤਮਨਿਰਭਰਤਾ, ਆਤਮਵਿਸ਼ਵਾਸ ਅਤੇ ਸਮਾਜਿਕ ਭਾਗੀਦਾਰੀ ਦਾ ਸੰਦੇਸ਼ ਦਿੱਤਾ | ਸਮਾਗਮ ਵਿਚ ਕੁੱਲ 89 ਭਾਗੀਦਾਰਾਂ ਦੀ ਹਾਜ਼ਰੀ ਰਹੀ ਜਿਨ੍ਹਾਂ ਵਿਚ ਅਭਿਭਾਵਕ, ਸਾਬਕਾ ਆਚਾਰੀਆ, ਸਾਬਕਾ ਵਿਦਿਆਰਥੀ, ਮਹਿਲਾ ਕਰਮਚਾਰੀ, ਉਨ੍ਹਾਂ ਦੀਆਂ ਸਹੇਲੀਆਂ ਅਤੇ ਹੋਰ ਮਹਿਲਾਵਾਂ ਸ਼ਾਮਲ ਸਨ | ਕਾਰਜਕ੍ਰਮ ਦੌਰਾਨ ਮਾਤ੍ਰ ਸਨਮਾਨ ਅਧੀਨ ਸਮਾਜ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ ਪੂਰੇ ਕਾਰਜਕ੍ਰਮ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਦੀ ਧਰਮ-ਪਤਨੀ ਅਤੇ ਪੂਜਾ ਰਾਣੀ, ਮੈਨੇਜਰ ਗੁਰਪ੍ਰੀਤ ਸਿੰਘ ਦੀ ਧਰਮ-ਪਤਨੀ ਅਤੇ ਮਾਤਰ ਸ਼ਕਤੀ ਦੇ ਪ੍ਰਮੁੱਖ ਗਗਨਪ੍ਰੀਤ ਕੌਰ, ਦੀਦੀ ਅਨੁਪਮਾ ਸ਼ਰਮਾ (ਪਿ੍ੰਸੀਪਲ ਸਰਵਹਿੱਤਕਾਰੀ ਵਿਦਿਆ ਮੰਦਰ, ਤਪਾ), ਕੋਆਰਡੀਨੇਟਰ ਗੁਰਮੀਤ ਕੌਰ, ਸੰਤੋਸ਼ ਸ਼ਰਮਾ, ਵਿਦਿਆਲਯ ਕੋਆਰਡੀਨੇਟਰ ਨਿਰਮਲਜੀਤ ਕੌਰ ਅਤੇ ਜਯੋਤੀ ਖੁਰਾਨਾ ਦੀ ਹਾਜ਼ਰੀ ਰਹੀ | ਸਕੂਲ ਦੇ ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਕਾਰਜਕ੍ਰਮ ਦੀ ਸਫਲਤਾ 'ਤੇ ਸਭ ਨੂੰ ਵਧਾਈ ਦਿੱਤੀ | ਉੱਥੇ ਹੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਇਸ ਤਰ੍ਹਾਂ ਦੇ ਸਮਾਜ ਮਾਰਗਦਰਸ਼ਕ ਸਮਾਗਮਾਂ ਨੂੰ ਨਿਰੰਤਰ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੇ ਆਯੋਜਨ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ | ਕਾਰਜਕ੍ਰਮ ਦਾ ਸਮਨਵਯ ਸਕੂਲ ਸੰਯੋਜਿਕਾ ਦੀਦੀ ਨਿਰਮਲਜੀਤ ਕੌਰ ਵਲੋਂ ਕੀਤਾ ਗਿਆ | ਸੰਪੂਰਨ ਆਯੋਜਨ ਡਾ. ਰੇਖਾ ਕਾਲੀਆ ਭਾਰਦਵਾਜ (ਪ੍ਰਾਂਤ ਸੰਯੋਜਿਕਾ) ਅਤੇ ਦੀਦੀ ਕੁਸੁਮ ਜੀ (ਵਿਭਾਗ ਸੰਯੋਜਿਕਾ) ਦੇ ਮਾਰਗਦਰਸ਼ਨ ਹੇਠ ਸਫਲਤਾਪੂਰਵਕ ਸੰਪੰਨ ਹੋਇਆ |
ਮਹਿਲਾਵਾਂ ਦੀਆਂ ਸਪਤ ਸ਼ਕਤੀਆਂ ਦਾ ਸਸ਼ਕਤ ਸੰਦੇਸ਼ ਤਹਿਤ ਸਮਾਗਮ ਕਰਵਾਇਆ
ਅਜੀਤ ਡੈਸਕ
29-01-2026