ਗੋਨਿਆਣਾ, 28 ਜਨਵਰੀ (ਲਛਮਣ ਦਾਸ ਗਰਗ)-ਗੋਨਿਆਣਾ ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਕਿਰਨ ਹਸਪਤਾਲ ਵਿਚ ਨਵਜੋਤ ਕੌਰ ਐਨ ਜੀ ਓ ਦੀ ਪ੍ਰਧਾਨਗੀ ਹੇਠ ਹੋਈ | ਇਸ ਨਵੇਂ ਸਾਲ ਦੀ ਪਹਿਲੀ ਮੀਟਿੰਗ ਵਿਚ ਭਗਵੰਤ ਮਾਨ ਸਰਕਾਰ ਵਲੋਂ ਸਿਹਤਯਾਬੀ ਲਈ ਦਸ ਲੱਖ ਰੁਪਏ ਦੀ ਚਲਾਈ ਜਾ ਰਹੀ ਸਕੀਮ ਦੀ ਜਿੱਥੇ ਸ਼ਲਾਘਾ ਕੀਤੀ ਅਤੇ ਸਰਕਾਰ ਨੂੰ ਪੰਜਾਬ ਵਿਚ ਵੱਧ ਰਹੀ ਮਹਿੰਗਾਈ ਅਤੇ ਮੁਲਾਜ਼ਮਾਂ ਦੀ ਪ੍ਰੇਸ਼ਾਨੀ ਜਿਹੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਵੀ ਕਿਹਾ ਗਿਆ | ਸਾਹਿਤ ਸਭਾ ਦੇ ਮੈਂਬਰ ਅਮਰਜੀਤ ਸਿੰਘ ਜਨਾਗਲ ਨੇ ਆਪਣੀ ਰਚਨਾ ਰਾਹੀਂ ਸਹਿਨਸ਼ੀਲਤਾ ਅਤੇ ਸਮਦਿ੍ਸ਼ਟੀ ਨੂੰ ਅਪਨਾਉਣ ਦਾ ਸੱਦਾ ਦਿੱਤਾ | ਇਸ ਦੌਰਾਨ ਮਾ: ਕਿ੍ਸ਼ਨ ਯਾਦਵ ਨੇ ਕਿਹਾ ਅਸੀਂ ਸਾਰੇ ਮਿਲ ਕੇ ਕੰਮ ਕਰਨ ਦਾ ਫੈਸਲਾ ਕਰੀਏ ਤਾਂ ਕਿ ਹੋਰ ਬੁੱਧੀਜੀਵੀ ਸਾਡੇ ਨਾਲ ਜੁੜ ਸਕਣ | ਇਸੇ ਤਰ੍ਹਾਂ ਵੈਦ ਬਲਵੀਰ ਸਿੰਘ, ਮਾਸਟਰ ਗੁਰਮੀਤ ਸਿੰਘ, ਕਿਰਪਾਲ ਸਿੰਘ ਰੰਗਪੁਰੀ, ਮਲਕੀਤ ਸਿੰਘ ਘੜੀ ਸਾਜ਼ ਨੇ ਆਪਣੀਆਂ ਰਚਨਾਵਾਂ ਰਾਹੀਂ ਇਕ ਨਰੋਆ ਸਮਾਜ ਸਿਰਜਣ ਅਤੇ ਉਸਾਰੂ ਸੋਚ ਰੱਖਣ ਦੀ ਪ੍ਰੇਰਨਾ ਦਿੱਤੀ ਗਈ |ਇਸ ਮੌਕੇ ਡਾ ਗੁਰਚਰਨ ਸਿੰਘ ਸ਼ਹੀਦ ਨੇ 1972 ਵਿੱਚ ਆਪਣੀ ਛਪੀ ਪੁਸਤਕ ਵਿੱਚੋਂ ਸੁੰਦਰ ਕਵਿਤਾ ਪੜ੍ਹ ਕੇ ਵਾਹਵਾ ਖੱਟੀ ਅਤੇ ਜਵਾਹਰ ਸਿੰਘ ਖਾਲਸਾ, ਹਰਜੀਤ ਕੌਰ ਅਤੇ ਨਵਜੋਤ ਕੌਰ ਐਨ ਜੀ ਓ ਨੇ ਬੋਲੀਆਂ ਗਈਆਂ ਤੇ ਰਚਨਾਵਾਂ ਦੀ ਸਮੀਖਿਆ ਕੀਤੀ |