ਮੌੜ ਮੰਡੀ, 28 ਜਨਵਰੀ (ਗੁਰਜੀਤ ਸਿੰਘ ਕਮਾਲੂ): ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵਲੋਂ ਇੱਥੇ ਪੈੱ੍ਰਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਅਕਸਰ ਇਹ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਿ੍ਸ਼ਟਾਚਾਰ ਦੇ ਮੁੱਦੇ 'ਤੇ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਚਲਦੀ ਹੈ ਜੇਕਰ ਕੋਈ ਵੀ ਕਿਸੇ ਕਿਸਮ ਦਾ ਭਿ੍ਸ਼ਟਾਚਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ, ਪਰ ਮੌੜ ਮੰਡੀ ਵਿਖੇ 26 ਜਨਵਰੀ ਦੇ ਪ੍ਰੋਗਰਾਮ ਮੌਕੇ ਨਗਰ ਕੌਂਸਲ ਮੌੜ ਦੇ ਪ੍ਰਧਾਨ ਕਰਨੈਲ ਸਿੰਘ ਨੇ ਜੋ 30 ਲੱਖ ਰੁਪੈ ਦੇ ਇਲਜ਼ਾਮ ਲਗਾਏ ਹਨ | ਉਨ੍ਹਾਂ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਸਰਕਾਰ ਚੁੱਪ ਕਿਉਂ ਹੈ | ਉਨ੍ਹਾਂ ਕਿਹਾ ਕਿ ਮੇਨ ਸਟਰੀਮ ਮੀਡੀਆ ਅਤੇ ਸੋਸ਼ਲ ਮੀਡੀਆ ਉੱਪਰ ਇਹ ਵੀਡੀਓ ਪੂਰੇ ਦੇਸ਼ ਵਿਚ ਵਾਇਰਲ ਹੋਈ ਹੈ ਜਿਸ ਵਿਚ ਨਗਰ ਕੌਂਸਲ ਦਾ ਪ੍ਰਧਾਨ ਇਹ ਕਹਿ ਰਿਹਾ ਹੈ ਕਿ ਰਿਕਾਰਡ ਕਰ ਲਵੋ ਵਿਧਾਇਕ ਮਾਈਸਰਖਾਨਾ ਨੇ ਮੇਰੇ ਤੋਂ 30 ਲੱਖ ਰੁਪੈ ਲਏ ਹਨ | ਇਕ ਚੁਣੇ ਹੋਏ ਪ੍ਰਧਾਨ ਵਲੋਂ ਵਿਧਾਇਕ 'ਤੇ ਜਨਤਕ ਸਮਾਗਮ ਦੌਰਾਨ ਇਹ ਇਲਜ਼ਾਮ ਲਗਾਉਣੇ ਬਹੁਤ ਹੀ ਸੀਰੀਅਸ ਮੁੱਦਾ ਹੈ, ਪਰ ਨਾ ਤਾਂ ਮੁੱਖ ਮੰਤਰੀ ਅਤੇ ਨਾ ਹੀ ਕਿਸੇ ਮੰਤਰੀ ਨੇ ਇਸ ਉੱਪਰ ਆਪਣੀ ਜ਼ੁਬਾਨ ਖੋਲ੍ਹੀ ਹੈ ਅਤੇ ਨਾ ਹੀ ਵਿਧਾਇਕ ਮਾਈਸਰਖਾਨਾ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ | ਜੀਤਮਹਿੰਦਰ ਸਿੰਘ ਸਿੱਧੂ ਨੇ ਕਾਨਫ਼ਰੰਸ ਦੌਰਾਨ ਇਕ ਹੋਰ ਇਲਜ਼ਾਮ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ 'ਤੇ ਲਗਾਇਆ ਕਿ ਪਿਛਲੇ ਸਮੇਂ ਦੌਰਾਨ ਜਦ ਪੰਜਾਬ ਵਿਚ ਹੜ੍ਹ ਆਏ ਸਨ ਤਾਂ ਵਿਧਾਇਕ ਵਲੋਂ ਪੂਰੇ ਹਲਕੇ ਦੇ ਹਰ ਇਕ ਪਿੰਡ ਵਿਚੋਂ ਪੈਸੇ ਇਕੱਠੇ ਕੀਤੇ ਸਨ | ਉਨ੍ਹਾਂ ਕਿਹਾ ਕਿ ਮੇਰੇ ਸੂਤਰਾਂ ਮੁਤਾਬਿਕ ਵਿਧਾਇਕ ਵਲੋਂ ਹਰ ਇਕ ਪਿੰਡ ਵਿਚੋਂ 50 ਹਾਜ਼ਰ ਤੋਂ ਲੈ ਕੇ ਇਕ ਲੱਖ ਰੁਪੈ ਤੱਕ ਦਾ ਫ਼ੰਡ ਇਕੱਤਰ ਕੀਤਾ ਸੀ, ਪਰ ਮੁੱਖ ਮੰਤਰੀ ਰੰਗਲਾ ਪੰਜਾਬ ਵਿਚ ਸਿਰਫ਼ ਨਾ ਮਾਤਰ ਪੈਸੇ ਹੀ ਜਮ੍ਹਾਂ ਕਰਵਾਏ ਹਨ | ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਅਤੇ ਸੀਬੀਆਈ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਪ੍ਰਧਾਨ ਵਲੋਂ ਜੋ 30 ਲੱਖ ਦੇ ਇਲਜ਼ਾਮ ਲਗਾਏ ਗਏ ਹਨ, ਉਨ੍ਹਾਂ ਦੀ ਅਤੇ ਹਲਕੇ ਵਿਚੋਂ ਹੜ੍ਹਾਂ ਲਈ ਇਕੱਠੇ ਕੀਤੇ ਪੈਸਿਆਂ ਦੀ ਵੀ ਜਾਂਚ ਕਰਵਾਈ ਜਾਵੇ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਰਾਜੇਸ਼ ਜੈਨ, ਬਲਕਾਰਾ ਸਿੰਘ ਮੌੜ ਕਲਾਂ, ਲਾਭ ਸਿੰਘ ਮੌੜ ਕਲਾਂ ਆਦਿ ਤੋਂ ਇਲਾਵਾ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ |