ਬਠਿੰਡਾ, 28 ਜਨਵਰੀ (ਵਲ੍ਹਾਣ): ਬੰਦੀ ਛੋੜ ਖ਼ਾਲਸਾ ਵਹੀਰ ਸੰਬੰਧੀ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਦੀ ਸਥਾਨਕ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਹੋਈ, ਜਿਸ ਵਿਚ ਜ਼ਿਲੇ੍ਹ ਭਰ 'ਚੋਂ ਵੱਡੀ ਗਿਣਤੀ ਵਰਕਰਾਂ ਨੇ ਵੀ ਹਿੱਸਾ ਲਿਆ | ਇਸ ਮੌਕੇ ਪਾਰਟੀ ਦੇ ਸੂਬਾ ਕਮੇਟੀ ਮੈਂਬਰ, ਜ਼ਿਲ੍ਹਾ ਕਮੇਟੀ ਮੈਂਬਰ ਕੁਲਦੀਪ ਸਿੰਘ ਗੋਸਲ, ਸੁਖਦੀਪ ਸਿੰਘ ਭੁੱਚੋ ਮੰਡੀ ਤੇ ਚਮਕੌਰ ਸਿੰਘ ਬਰਾੜ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ 25 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਵਿਸਾਲ ਬੰਦੀ ਛੋੜ ਖ਼ਾਲਸਾ ਵਹੀਰ ਕੱਢੀ ਜਾ ਰਹੀ ਹੈ, ਜਿਸ ਦਾ ਮੁੱਖ ਮਕਸਦ 30-30 ਸਾਲਾਂ ਤੋਂ ਜ਼ੇਲ੍ਹਾਂ ਵਿਚ ਰੁਲ ਰਹੇ ਸਿੱਖ ਸੰਘਰਸ਼ਸ਼ੀਲ ਯੋਧਿਆਂ ਨੂੰ ਰਿਹਾ ਕਰਵਾਉਣਾ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣਾ ਹੋਵੇਗਾ | ਇਸ ਦੌਰਾਨ ਵਹੀਰ ਵਿਚ ਲੋਕਾਂ ਦੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਨੌਜਵਾਨ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਪਿੰਡਾਂ ਵਿਚ ਪ੍ਰਚਾਰ ਕਰਨ ਦੇ ਲਈ ਨੌਜਵਾਨਾਂ ਨੂੰ ਕੰਮ ਸੌਂਪੇ ਗਏ | ਇਸ ਮੌਕੇ ਗੁਰਤੇਜ ਸਿੰਘ ਫ਼ੌਜੀ, ਗੁਰਮੀਤ ਸਿੰਘ, ਨਹਿੰਗ ਸਿੰਘ ਦਲ ਤੋਂ ਕੁਲਵਿੰਦਰ ਸਿੰਘ ਖ਼ਾਲਸਾ, ਸਤਵਿੰਦਰ ਸਿੰਘ, ਜਗਦੀਸ਼ ਰਾਏ, ਜੱਟ ਮਹਾਂ ਸਭਾ ਤੋਂ ਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ |