ਬਠਿੰਡਾ, 3 ਫਰਵਰੀ (ਰੋਮਾਣਾ)-ਬਠਿੰਡਾ ਦੇ ਕਚਹਿਰੀ ਚੌਂਕ ਨੇੜੇ ਜਲੇਬੀ ਵਾਲਾ ਚੌਂਕ ਕੋਲ ਸੰੁਨਸਾਨ ਥਾਂ ਉੱਪਰ ਭੇਦਭਰੇ ਹਲਾਤ 'ਚ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਦਾ ਪਤਾ ਲੱਗਦੇ ਹੀ ਸਹਾਰਾ ਜਨਸੇਵਾ ਵਰਕਰ ਅਤੇ ਥਾਣਾ ਸਿਵਲ ਲਾਇਨ ਦੀ ਪੁਲਿਸ ਵੀ ਮੌਕੇ 'ਤੇ ਪਹੁੰਚੇ | ਜਿੰਨ੍ਹਾਂ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਮਿ੍ਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਪਹੁੰਚਾਇਆ | ਇਸ ਮੌਕੇ ਸਹਾਰਾ ਜਨਸੇਵਾ ਦੇ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਕਿ ਕਚਹਿਰੀ ਚੌਂਕ ਨੇੜੇ ਜਲੇਬੀ ਵਾਲਾ ਚੌਂਕ ਕੋਲ ਸਰਕਾਰੀ ਕੁਆਟਰ ਜੋ ਕਿ ਖ਼ਾਲੀ ਖੰਡਰ ਬਣੇ ਹੋਏ ਹਨ | ਉਸ ਸੰੁਨਸਾਨ ਥਾਂ 'ਤੇ ਇਕ ਨੌਜਵਾਨ ਦੀ ਲਾਸ਼ ਪਈ ਹੈ | ਸੂਚਨਾ ਮਿਲਣ ਤੋਂ ਬਾਦ ਉਹ ਘਟਨਾ ਸਥਾਨ 'ਤੇ ਪਹੁੰਚੇ ਤੇ ਉਨ੍ਹਾਂ ਵਲੋਂ ਇਸ ਸਬੰਧੀ ਸੂਚਨਾ ਥਾਣਾ ਸਿਵਲ ਲਾਇਨ ਪੁਲਿਸ ਨੂੰ ਦਿੱਤੀ ਗਈ | ਥਾਣਾ ਸਿਵਲ ਲਾਇਨ ਦੀ ਪੁਲਿਸ ਵੀ ਘਟਨਾ ਸਥਾਨ 'ਤੇ ਪਹੁੰਚੀ, ਜਿੰਨ੍ਹਾਂ ਨੇ ਮਿ੍ਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸੰਸਥਾ ਦੀ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ ਗਿਆ ਹੈ | ਸੰਦੀਪ ਗਿੱਲ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਕੋਲੋਂ ਅਜਿਹੀ ਕੋਈ ਚੀਜ਼ ਨਹੀ ਮਿਲੀ, ਜਿਸ ਤੋਂ ਉਸ ਦੀ ਪਹਿਚਾਣ ਹੋ ਸਕੇ, ਉਨ੍ਹਾਂ ਕਿਹਾ ਕਿ ਮਿ੍ਤਕ ਦੀ ਉਮਰ 25 ਤੋਂ 30 ਸਾਲ ਦੇ ਕਰੀਬ ਜਾਪਦੀ ਹੈ, ਪੋਸਟਮਾਰਟਮ ਹੋਣ ਤੋਂ ਬਾਦ ਹੀ ਮੌਤ ਦੇ ਅਸਲ ਕਾਰਨਾ ਦਾ ਪਤਾ ਲੱਗ ਸਕੇਗਾ |