ਤਲਵੰਡੀ ਸਾਬੋ, 3 ਫਰਵਰੀ (ਰਣਜੀਤ ਸਿੰਘ ਰਾਜੂ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਤਲਵੰਡੀ ਸਾਬੋ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜੇਲ੍ਹੀਂ ਡੱਕੇ ਕਿਸਾਨ ਆਗੂਆਂ ਸਬੰਧੀ ਲੱਗਣ ਵਾਲੇ ਪੱਕੇ ਮੋਰਚੇ ਸਬੰਧੀ ਵੀਚਾਰਾਂ ਹੋਈਆਂ | ਮੀਟਿੰਗ 'ਚ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਕਿਸਾਨ ਆਗੂਆਂ ਨੇ ਕਿਹਾ ਕਿ ਸ਼ਗਨਦੀਪ ਸਿੰਘ ਜਿਉਂਦ ਤੇ ਬਲਦੇਵ ਸਿੰਘ ਚਾਉਕੇ ਜੋ ਕਿ 9 ਮਹੀਨੀਆਂ ਤੋਂ ਵੀ ਵੱਧ ਸਮੇਂ ਤੋਂ ਚਾਉਕੇ ਆਦਰਸ਼ ਸਕੂਲ ਸੰਘਰਸ਼ ਕਾਰਨ ਬਠਿੰਡਾ ਜੇਲ੍ਹ 'ਚ ਬੰਦ ਹਨ, ਉੱਪਰ ਪ੍ਰਸ਼ਾਸਨ ਵਲੋਂ ਪਿੰਡ ਜਿਉਂਦ ਦੇ ਜ਼ਮੀਨੀ ਸੰਘਰਸ਼ ਦੇ ਝੂਠੇ ਕੇਸ ਪਾ ਕੇ ਜੇਲ੍ਹ ਵਿਚ ਬੰਦ ਕਰਕੇ ਰੱਖਿਆ ਹੋਇਐ ਜਦੋਂਕਿ ਇਹ ਕੇਸ ਸਰਾਸਰ ਝੂਠਾ ਹੈ | ਪਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਤੇ ਪੰਜਾਬ ਸਰਕਾਰ ਜਾਣਬੁੱਝ ਕੇ ਜਥੇਬੰਦੀ ਦੇ ਆਗੂਆਂ ਨਾਲ ਦੁਰਵਿਵਹਾਰ ਕਰ ਰਹੀ ਹੈ | ਕਿਸਾਨ ਆਗੂਆਂ ਨੇ ਦੱਸਿਆ ਕਿ ਆਗੂਆਂ ਦੀ ਪੱਕੀ ਰਿਹਾਈ ਲਈ 6 ਫਰਵਰੀ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਪੱਕਾ ਮੋਰਚਾ ਲਾਇਆ ਜਾ ਰਿਹੈ, ਵਿਚ ਬਲਾਕ ਤਲਵੰਡੀ ਸਾਬੋ ਵਲੋਂ ਠੋਸ ਵਿਉਂਤਬੰਦੀ ਤਿਆਰੀ ਕੀਤੀ ਗਈ ਹੈ ਅਤੇ ਬਲਾਕ ਦੇ ਸਾਰੇ ਪਿੰਡਾਂ ਨੂੰ ਇਸ ਮੋਰਚੇ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਗਿਆ ਹੈ | ਕਿਸਾਨ ਆਗੂਆਂ ਨੇ ਕੇਂਦਰੀ ਬਜਟ ਤੇ ਵੀ ਨਿਸ਼ਾਨੇ ਸਾਧੇ ਤੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ੀ ਦੀ ਕੋਈ ਗੱਲ ਨਹੀਂ ਕੀਤੀ ਗਈ ਸਗੋਂ ਕਿਸਾਨਾਂ ਮਜ਼ਦੂਰਾਂ ਨੂੰ ਹੋਰ ਕਰਜ਼ਾ ਦੇ ਕੇ ਕਰਜ਼ਈ ਕਰਨ ਦਾ ਫੈਸਲਾ ਬਣਾਇਆ ਗਿਐ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਬਜਟ ਕਾਰਪੋਰੇਟ ਪੱਖੀ ਹੈ | ਮੀਟਿੰਗ ਵਿਚ ਬਲਾਕ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਗਿਆਨਾ, ਬਲਾਕ ਜਨਰਲ ਸਕੱਤਰ ਕਾਲਾ ਚੱਠੇਵਾਲਾ, ਕਲੱਤਰ ਸਿੰਘ ਕਲਾਲਵਾਲਾ, ਰਣਜੋਧ ਸਿੰਘ ਮਾਹੀਨੰਗਲ ਸਮੇਤ ਪਿੰਡ ਕਮੇਟੀਆਂ ਦੇ ਪ੍ਰਧਾਨ, ਸਕੱਤਰ ਤੇ ਕਿਸਾਨ ਆਗੂ ਸ਼ਾਮਲ ਹੋਏ |