ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ, ਹਰਦੇਵ ਸਿੰਘ ਮਾਨ)-ਸ਼ਹੀਦ ਬਾਬਾ ਮੇਲਾ ਸਿੰਘ ਦੀ ਯਾਦ ਵਿਚ ਪਿੰਡ ਕੋਕਰੀ ਹੇਰਾਂ ਵਿਖੇ ਸਰਪੰਚ ਮਨਪ੍ਰੀਤ ਸਿੰਘ ਵਲੋਂ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਸ਼ਿਰਕਤ ਕੀਤੀ | ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਇਸ ਖੇਡ ਮੇਲੇ ਵਿਚ ਉਚੇਚੇ ਤੌਰ 'ਤੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ | ਵਿਧਾਇਕ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ | ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਚੰਗੀ ਖ਼ੁਰਾਕ ਖਾ ਕੇ ਸਰੀਰਕ ਮਿਹਨਤ ਰਾਹੀਂ ਸਡੌਲ ਸਰੀਰ ਬਣਾਉਣ ਦੀ ਸਲਾਹ ਦਿੱਤੀ | ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜਨ ਸਦਕਾ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਬਚਿਆ ਜਾ ਸਕਦਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਨਗਰ ਨਿਵਾਸੀ, ਪਤਵੰਤੇ ਅਤੇ ਖੇਡ ਪ੍ਰੇਮੀ ਵੀ ਮੌਜੂਦ ਸਨ |