ਬਠਿੰਡਾ, 22 ਫਰਵਰੀ (ਪੱਤਰ ਪ੍ਰੇਰਕ)- ਸ਼ਹਿਰ ਦੇ ਲਾਇਨੋਂਪਾਰ ਇਲਾਕੇ 'ਚ ਸ਼ਰੇ੍ਹਆਮ ਗੁੰਡਾਗਰਦੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿੱਥੇ ਦਰਜਨ ਤੋਂ ਵੱਧ ਨੌਜਵਾਨਾਂ ਵਲੋਂ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕਰਦੇ ਹੋਏ ਬਕਾਇਦਾ ਉਸ ਦੀ ਵੀਡੀਓ ਵੀ ਬਣਾਈ ਗਈ ਹੈ | ਜੋ ਕਿ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀ ਹੈ | ਜਾਣਕਾਰੀ ਅਨੁਸਾਰ ਇਹ ਝਗੜਾ ਦੋ ਧੜਿਆਂ ਵਿਚਕਾਰ ਪਹਿਲਾਂ ਹੋਈ ਲੜਾਈ ਨਾਲ ਜੁੜੇ ਹੋਣ ਕਾਰਨ ਦੂਜੇ ਧੜੇ ਦੇ ਨੌਜਵਾਨਾਂ ਵਲੋਂ ਪਹਿਲਾਂ ਇਕ ਨੌਜਵਾਨ ਦੀ ਮਾਰਕੁਟਾਈ ਕੀਤੀ ਗਈ ਸੀ | ਜਿਸ ਦਾ ਬਦਲਾ ਲੈਣ ਲਈ ਦੂਜੇ ਧੜੇ ਦੇ ਇਕ ਦਰਜਨ ਤੋਂ ਵੱਧ ਨੌਜਵਾਨਾਂ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਵਿਰੋਧੀ ਧੜੇ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕੀਤਾ ਹੈ | ਸੂਤਰਾਂ ਅਨੁਸਾਰ ਝਗੜੇ ਦਾ ਮੁੱਖ ਕਾਰਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਇਲਾਕੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਵਿਚ ਸ਼ਾਮਿਲ ਹਨ ਜੋ ਬਾਅਦ ਵਿਚ ਹਿੰਸਕ ਝੜਪ ਵਿਚ ਬਦਲ ਗਿਆ | ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਡੀ.ਐਸ.ਪੀ. ਅੰਮਿ੍ਤਪਾਲ ਸਿੰਘ ਭਾਟੀ ਨੇ ਕਿਹਾ ਕਿ ਇਹ ਇਲਾਕਾ ਥਾਣਾ ਕੈਨਾਲ ਕਾਲੋਨੀ ਅਧੀਨ ਪੈਦਾ ਹੈ | ਉਨ੍ਹਾਂ ਕਿਹਾ ਕਿ ਜੋ ਨੌਜਵਾਨਾਂ ਨੇ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ | ਉਹ ਜੇਲ੍ਹ ਵਿਚ ਰਿਹਾਅ ਹੋ ਕੇ ਆਏ ਸਨ | ਪਹਿਲਾਂ ਇਕ ਧੜੇ ਨੇ ਦੂਜੇ ਧੜੇ ਦੇ ਨੌਜਵਾਨ ਦੀ ਮਾਰਕੁਟਾਈ ਕੀਤੀ ਗਈ ਸੀ | ਇਸ ਦਾ ਬਦਲਾ ਲੈਣ ਲਈ ਦੂਜੇ ਧੜੇ ਨੇ ਨੌਜਵਾਨ ਦੀ ਮਾਰਕੁਟਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਥਾਣਾ ਕੈਨਾਲ ਕਾਲੋਨੀ 'ਚ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ |