ਲਹਿਰਾ ਮੁਹੱਬਤ, 24 ਫਰਵਰੀ (ਪੱਤਰ ਪ੍ਰੇਰਕ)-ਬੀਤੇ ਦਿਨ ਥਾਣਾ ਨਥਾਣਾ ਵਿਖੇ ਪਿੰਡ ਲਹਿਰਾ ਮੁਹੱਬਤ ਵਿਚ ਰਹਿ ਰਹੇ ਪਰਿਵਾਰ ਦੀ ਇੱਕ ਲੜਕੀ ਨੂੰ ਵਿਆਹ ਦਾ ਲਾਰਾ ਲਾ ਕੇ ਆਤਮ ਹੱਤਿਆ ਲਈ ਮਜਬੂਰ ਕਰਨ ਤਹਿਤ ਇੱਥੋਂ ਦੇ ਇੱਕ ਲੜਕੇ ਤੇ ਉਸ ਦੇ ਮਾਪਿਆਂ ਖ਼ਿਲਾਫ਼ ਪੀੜਿਤ ਲੜਕੀ ਦੀ ਮਾਂ ਦੇ ਬਿਆਨਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪੀੜਿਤ ਲੜਕੀ ਦੀ ਮਾਂ ਵਲੋਂ ਐਫ.ਆਈ.ਆਰ ਨੰ. 0042 ਵਿਚ ਦਰਜ ਕਰਵਾਏ ਬਿਆਨਾਂ ਅਨੁਸਾਰ ਬੀਤੇ ਦਿਨ 23 ਫਰਵਰੀ ਦੀ ਸ਼ਾਮ ਨੂੰ 5.30 ਵਜੇ ਮੇਰੀ ਲੜਕੀ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ | ਜਿਸ ਨੂੰ ਅਸੀਂ ਮੈਡੀਕਲ ਸਹਾਇਤਾ ਲਈ ਭੁੱਚੋ ਮੰਡੀ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ | ਜਿਸ ਦੀ ਵਜ੍ਹਾ ਸਾਡੇ ਗੁਆਂਢ ਰਹਿੰਦੇ ਇੱਕ ਪਰਿਵਾਰ ਦਾ ਲੜਕਾ ਤੇ ਮੇਰੀ ਲੜਕੀ ਨਾਲ ਡੇਢ ਸਾਲ ਤੋਂ ਗੱਲਬਾਤ ਸੀ | ਮੇਰੀ ਲੜਕੀ ਅਕਸਰ ਕਹਿੰਦੀ ਸੀ ਕਿ ਮੈਂ ਉਸੇ ਲੜਕੇ ਨਾਲ ਵਿਆਹ ਕਰਾਉਣਾ ਹੈ | ਪਹਿਲਾਂ ਲੜਕਾ ਵੀ ਵਿਆਹ ਲਈ ਰਾਜੀ ਸੀ ਪਰ ਹੁਣ ਲੜਕਾ ਵਿਆਹ ਕਰਾਉਣ ਤੋਂ ਮੁਕਰ ਰਿਹਾ ਹੈ | ਜਿਸ ਸੰਬੰਧੀ ਪੰਚਾਇਤੀ ਤੌਰ 'ਤੇ ਲੜਕੇ ਪਰਿਵਾਰ ਨੂੰ ਬੁਲਾਅ ਕੇ ਅਸੀਂ ਗੱਲ ਕੀਤੀ ਪਰ ਕੋਈ ਹੱਲ ਨਹੀਂ ਹੋਇਆ | ਇਸ ਸੰਬੰਧ ਵਿਚ ਦੁਬਾਰਾ 23 ਫਰਵਰੀ ਦੀ ਸ਼ਾਮ ਨੂੰ ਇਕੱਠ ਦੌਰਾਨ ਲੜਕੇ ਦੇ ਪਰਿਵਾਰਕ ਮੈਂਬਰ ਸਾਨੂੰ 15 ਲੱਖ ਦੇਣ ਦੀ ਗੱਲ ਕਰਕੇ ਵਿਆਹ ਤੋਂ ਮਨ੍ਹਾ ਕਰਨ ਲੱਗੇ | ਜਿਸ ਮਗਰੋਂ ਮੇਰੀ ਲੜਕੀ ਨੇ ਇਸ ਗੱਲੋਂ ਅੱਕ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ | ਪੀੜਿਤ ਲੜਕੀ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਤ ਲੜਕੇ ਤੇ ਉਸ ਦੇ ਮਾਪਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ | ਇਸ ਮਾਮਲੇ ਸੰਬੰਧੀ ਥਾਣਾ ਨਥਾਣਾ ਵਿਖੇ ਐੱਸ.ਐੱਚ.ਓ ਅਮਰਿੰਦਰ ਸਿੰਘ ਨੇ ਕਿਹਾ ਕਿ ਪੀੜਿਤ ਲੜਕੀ ਦੀ ਮਾਂ ਦੇ ਬਿਆਨਾਂ ਤਹਿਤ ਕਥਿਤ ਦੋਸ਼ੀ ਲੜਕੇ ਤੇ ਉਸ ਦੇ ਮਾਂ ਤੇ ਪਿਤਾ ਖ਼ਿਲਾਫ਼ ਕਾਨੂੰਨ ਦੀ ਧਾਰਾ ਬੀ.ਐਨ.ਐੱਸ 2023 ਦੇ 108 ਤੇ 56 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰ ਦਿੱਤੀ ਹੈ |