ਮਹਿਰਾਜ, 24 ਫਰਵਰੀ (ਸੁਖਪਾਲ ਮਹਿਰਾਜ)-ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਹਿਰਾਜ ਵਿਖੇ ਪਿ੍ੰਸੀਪਲ ਕਿ੍ਸ਼ਨ ਲਾਲ ਦੀ ਅਗਵਾਈ ਹੇਠ ਦਾਖਲਾ ਮੁਹਿੰਮ ਤਹਿਤ ਅਧਿਆਪਕਾਂ ਵਲੋਂ ਘਰ-ਘਰ ਜਾ ਕੇ ਬੱਚਿਆਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ | ਇਸ ਸਬੰਧੀ ਗੱਲਬਾਤ ਕਰਦਿਆਂ ਸਕੂਲ ਦੀ ਰਿਫ਼ੀ ਸ਼ਿਵਾਲੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਉੱਚ ਮਿਆਰੀ ਸਿੱਖਿਆ ਦੇ ਨਾਲ-ਨਾਲ ਸਮਾਰਟ ਕਲਾਸਰੂਮ, ਲੈਬ ਸਹੂਲਤਾਂ, ਖੇਡਾਂ ਲਈ ਵਧੀਆ ਮੈਦਾਨ, ਲਾਇਬ੍ਰੇਰੀ ਅਤੇ ਤਜਰਬੇਕਾਰ ਅਧਿਆਪਕ ਮੁਹੱਈਆ ਕਰਵਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਸਕੂਲ ਵਿਚ ਬੱਚਿਆਂ ਦੀ ਰੁਚੀ ਅਤੇ ਯੋਗਤਾ ਅਨੁਸਾਰ ਸਹਿ-ਪਾਠਕ੍ਰਮ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀ ਸਿੱਖਿਆ ਦੇ ਨਾਲ-ਨਾਲ ਹੋਰ ਖੇਤਰਾਂ ਵਿਚ ਵੀ ਅੱਗੇ ਵੱਧ ਸਕਣ | ਮਾਪਿਆਂ ਨੇ ਵੀ ਸਕੂਲ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਸਕਾਰਾਤਮਕ ਰੁਝਾਨ ਦਿਖਾਇਆ | ਇਸ ਮੌਕੇ ਅਧਿਆਪਕਾਂ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿਚ ਕਰਵਾਇਆ ਜਾਵੇ ਤਾਂ ਜੋ ਉਹ ਸਰਕਾਰੀ ਯੋਜਨਾਵਾਂ ਅਤੇ ਸਹੂਲਤਾਂ ਦਾ ਪੂਰਾ ਲਾਭ ਲੈ ਸਕਣ |