ਬਠਿੰਡਾ, 24 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦਲਿਤ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਗਦੀਪ ਸਿੰਘ ਗਹਿਰੀ ਨੇ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ (ਰਾਖਵਾਂ) ਵਿਚ ਆਪਣੀਆਂ ਸਿਆਸੀ ਸਰਗਰਮੀਆਂ ਵਧਾ ਦਿੱਤੀਆਂ ਹਨ | ਸ. ਗਹਿਰੀ ਨੇ ਕਿਹਾ ਕਿ ਪੰਜਾਬ 'ਚ ਅਕਾਲੀ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (ਮਰਹੂਮ) ਅਤੇ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਖਾਸਕਰ ਦਲਿਤ ਵਰਗ ਦੀ ਭਲਾਈ ਅਤੇ ਤਰੱਕੀ ਲਈ ਚਲਾਈਆਂ ਸਕੀਮਾਂ ਅਤੇ ਕੀਤੇ ਉਪਰਾਲਿਆਂ ਨੂੰ ਦੇਖਦੇ ਹੋਏ ਉਨ੍ਹਾਂ 2021 'ਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਸੀ ਤੇ ਉਸ ਸਮੇਂ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਰਹਿਨੁਮਾਈ ਹੇਠ ਪਾਰਟੀ ਦੀ ਹੋਰ ਮਜ਼ਬੂਤੀ ਲਈ ਕੰਮ ਕਰ ਰਹੇ ਹਨ ਤੇ ਇਸ ਦੌਰਾਨ ਵੱਖ-ਵੱਖ ਚੋਣਾਂ ਸਮੇਂ ਲਗਾਈ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ | ਜਗਦੀਪ ਸਿੰਘ ਗਹਿਰੀ ਨੇ 1990 'ਚ ਭਾਰਤੀ ਦਲਿਤ ਯੂਥ ਫੈਡਰੇਸ਼ਨ ਦੇ ਬੈਨਰ ਹੇਠਾਂ ਕੰਮ ਸ਼ੁਰੂ ਕੀਤਾ ਸੀ ਤੇ ਉਹ ਮਰਹੂਮ ਕੇਂਦਰੀ ਮੰਤਰੀ ਰਾਮ ਬਿਲਾਸ ਪਾਸਵਾਨ ਦੀ ਅਗਵਾਈ ਵਾਲੀ ਦਲਿਤ ਸੈਨਾ ਤੇ ਲੋਕ ਜਨਸ਼ਕਤੀ ਪਾਰਟੀ 'ਚ ਪੂਰੀ ਤਰਾਂ ਸਰਗਰਮ ਰਹੇ ਹਨ ਤੇ ਹੁਣ ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ 'ਚ ਕਾਰਜਸ਼ੀਲ ਹਨ ਤੇ ਲਗਾਤਾਰ ਦਲਿਤ ਸਮਾਜ ਦੇ ਹੱਕਾਂ ਦੀ ਲੜਾਈ ਲੜ ਰਹੇ ਹਨ | ਜਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰਖਦਿਆਂ ਪੰਜਾਬ ਅੰਦਰ ਪਾਰਟੀ ਦੇ ਹਲਕਾ ਇੰਚਾਰਜ਼ਾਂ ਤੋਂ ਸੱਖਣੇ ਹਲਕਿਆਂ 'ਚ ਲਗਾਤਾਰ ਇੰਚਾਰਜ਼ ਨਿਯੁਕਤ ਕੀਤੇ ਜਾ ਰਹੇ ਹਨ ਤੇ ਜਿਲ੍ਹਾ ਬਠਿੰਡਾ ਅਧੀਨ ਪੈਂਦੇ ਕੁਲ ਛੇ ਵਿਧਾਨ ਸਭਾ ਹਲਕਿਆਂ 'ਚੋਂ ਪੰਜ ਵਿਚ ਹਲਕਾ ਇੰਚਾਰਜ਼ ਲਗਾਏ ਹੋਏ ਹਨ, ਸਿਰਫ ਬਠਿੰਡਾ ਦਿਹਾਤੀ ਹਲਕਾ ਇੰਚਾਰਜ਼ ਤੋਂ ਵਾਂਝਾ ਹੈ, ਜਿਸ ਲਈ ਹਲਕਾ ਇੰਚਾਰਜ਼ ਤੇ ਸੰਭਾਵੀਂ ਉਮੀਦਵਾਰ ਬਣਨ ਦੇ ਕਈ ਦਾਅਵੇਦਾਰਾਂ ਵਲੋਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ |