ਕੋਟਫੱਤਾ, 24 ਫਰਵਰੀ (ਰਣਜੀਤ ਸਿੰਘ ਬੁੱਟਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀ ਸੰਸਥਾ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ 25 ਫਰਵਰੀ, 2026 ਨੂੰ ਦਾਖਲਾ ਮੇਲਾ ਹੋ ਰਿਹਾ ਹੈ | ਐਡਵੋਕੇਟ ਹਰਜਿੰਦਰ ਸਿੰਘ ਧਾਮੀ (ਪ੍ਰਧਾਨ, ਐਸਜੀਪੀਸੀ), ਸੁਖਮਿੰਦਰ ਸਿੰਘ (ਸਕੱਤਰ ਵਿੱਦਿਆ) ਅਤੇ ਸਤਵੰਤ ਕੌਰ (ਅਸਿਸਟੈਂਟ ਡਾਇਰੈਕਟਰ, ਸਕੂਲਾਂ) ਦੀ ਸੁਚੱਜੀ ਅਗਵਾਈ ਵਿਚ ਸਕੂਲ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਮੇਂ-ਸਮੇਂ 'ਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ | ਇਸੇ ਲੜੀ ਤਹਿਤ ਸਾਇੰਸ ਲੈਬ, ਮੈਥ ਲੈਬ, ਕੰਪਿਊਟਰ ਲੈਬ, ਲਾਇਬ੍ਰੇਰੀ ਦੀ ਵਿਸ਼ੇਸ਼ ਸਹੂਲਤ ਹੈ | ਗੁਰਬਾਣੀ ਨਾਲ ਜੋੜਨ ਲਈ ਧਾਰਮਿਕ ਸਿੱਖਿਆ ਅਧਿਆਪਕ ਅਤੇ ਸਾਰੇ ਵਿਸ਼ਿਆਂ ਲਈ ਉੱਚ-ਸਿੱਖਿਆ ਪ੍ਰਾਪਤ ਅਧਿਆਪਕ ਸੇਵਾ ਨਿਭਾਅ ਰਹੇ ਹਨ | ਧਾਰਮਿਕ ਪ੍ਰੀਖਿਆ ਵਿਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ | ਛੋਟੇ ਬੱਚਿਆਂ ਲਈ ਬਿਲਕੁਲ ਵੱਖਰੀ ਕਿਸਮ ਦਾ ਉਪਰਾਲਾ ਕਰਦਿਆਂ 'ਬਚਪਨ ਪ੍ਰੋਜੈਕਟ' ਦੇ ਤਹਿਤ ਨਰਸਰੀ ਲੈਬ ਦੀ ਸ਼ੁਰੂਆਤ ਹੋਈ ਹੈ | ਨਰਸਰੀ ਜਮਾਤ ਦੇ ਦਾਖਲੇ ਲਈ ਫੀਸਾਂ ਵਿਚ ਵਿਸ਼ੇਸ਼ ਛੋਟ ਕੀਤੀ ਗਈ ਹੈ | ਸਕੂਲ ਵਿਚ ਸਿਵਲ ਸਰਵਿਸਿਸ ਐਪਟੀਟਿਊਡ ਟੈਸਟ ਦੀ ਤਿਆਰੀ ਲਈ ਸੀ. ਸੈਟ. ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ | ਵਿਦਿਆਰਥੀਆਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਨਿਪੁੰਨ ਬਣਾਉਣ ਲਈ ਵਨਾਕੁਲਰ ਬਿ੍ਜ ਕੋਰਸ ਕਰਵਾਇਆ ਜਾ ਰਿਹਾ ਹੈ | ਸਕੂਲ ਪਿ੍ੰਸੀਪਲ ਡਾ: ਮਨੋਰਮਾ ਸਮਾਗ ਨੇ ਸਮੂਹ ਮਾਪਿਆਂ ਨੂੰ 25 ਫਰਵਰੀ ਨੂੰ ਸੰਸਥਾ ਵਿਚ ਆਉਣ ਅਤੇ ਆਪਣੇ ਬੱਚੇ ਨੂੰ ਦਾਖਲ ਕਰਵਾਉਣ ਦੀ ਅਪੀਲ ਕੀਤੀ |