ਤਲਵੰਡੀ ਸਾਬੋ, 10 ਮਾਰਚ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਚ ਡੀਨ ਸਟੂਡੈਂਟ ਵੈਲਫੇਅਰ ਦਫ਼ਤਰ ਅਤੇ ਐਨ. ਐਸ. ਐਸ. ਸੈਲ ਵਲੋਂ ਫੂਡ ਫੈਸਟ-2026 ਦਾ ਆਯੋਜਨ ਬੜੇ ਉਤਸ਼ਾਹ ਨਾਲ ਕੀਤਾ ਗਿਆ | ਇਸ ਸਮਾਗਮ ਵਿਚ ਲਗਭਗ 150 ਵਿਦਿਆਰਥੀਆਂ ਨੇ ਭਾਗ ਲਿਆ | ਯੁੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਡਾ: ਜਨਪ੍ਰੀਤ ਸਿੰਘ (ਡੀਨ ਸਟੂਡੈਂਟ ਵੈਲਫੇਅਰ) ਦੀ ਅਗਵਾਈ ਹੇਠ ਸਮਾਗਮ ਦੀ ਯੋਜਨਾ ਹੋਈ, ਜਦਕਿ ਵਿਦਿਆਰਥੀ ਕੋਆਡੀਨੇਟਰ ਵਜੋਂ ਜਗਜੋਤ ਸਿੰਘ ਅਤੇ ਸੁਖਮਨਦੀਪ ਕੌਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ | ਸਮਾਗਮ ਦੀ ਸ਼ੁਰੂਆਤ ਵਿਚ ਡਾ: ਜਨਪ੍ਰੀਤ ਸਿੰਘ ਨੇ ਸ਼ੁਭ ਕਾਮਨਾ ਕਰਦਿਆਂ ਵਿਦਿਆਰਥੀਆਂ ਨੂੰ ਲੀਡਰਸ਼ਿਪ, ਸਮੂਹਿਕ ਕਾਰਜ, ਇਵੈਂਟ ਮੈਨੇਜਮੈਂਟ ਅਤੇ ਰਸੋਈ ਕਲਾ ਵਿਚ ਹੁਨਰ ਵਧਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਯੂਨੀਵਰਸਿਟੀ ਦੇ ਉੱਪ ਕੁਲਪਤੀ, ਰਜਿਸਟਰਾਰ, ਡੀਨ ਅਕਾਦਮਿਕ ਅਫੇਅਰਜ਼ ਅਤੇ ਡਾਇਰੈਕਟਰ ਆਈ.ਕਿਊ.ਏ.ਸੀ ਸਮੇਤ ਹੋਰ ਅਧਿਕਾਰੀਆਂ ਨੇ ਵੀ ਸਮਾਗਮ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ | ਫੂਡ ਫੈਸਟ-2026 ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀਆਂ 30 ਟੀਮਾਂ ਨੇ ਹਿੱਸਾ ਲਿਆ | ਹਰ ਟੀਮ ਵਿਚ ਪੰਜ ਮੈਂਬਰ ਸ਼ਾਮਿਲ ਸਨ | ਵਿਦਿਆਰਥੀਆਂ ਵਲੋਂ ਪੰਜਾਬੀ ਪਰੰਪਰਾਗਤ ਖਾਣਿਆਂ ਦੇ ਨਾਲ-ਨਾਲ ਸਟਰੀਟ ਫੂਡ, ਨਵੇਂ ਫਿਊਜ਼ਨ ਡਿਸ਼ ਅਤੇ ਮਿਠਾਈ ਨੂੰ ਵੀ ਰਚਨਾਤਮਕ ਢੰਗ ਨਾਲ ਪੇਸ਼ ਕੀਤਾ ਗਿਆ | ਖਾਸ ਖਾਣਿਆਂ ਵਿੱਚ ਫਿਟਫੁਲ ਪੰਜਾਬ,ਦੇਸ਼ ਦਾ ਹੀਰਾ ਪੰਜਾਬੀ ਜ਼ੀਰਾ, ਆਲੂ ਟਿੱਕੀ, ਭੇਲਪੁਰੀ, ਦਹੀ ਭੱਲੇ, ਤਿਰਾਮਿਸੂ ਅਤੇ ਰੋਲਿਨ ਪਿੰਕ ਬਾਈਟਸ ਸ਼ਾਮਿਲ ਸਨ | ਇਸ ਤਰ੍ਹਾਂ ਦੇ ਵਿਭਿੰਨ ਖਾਣਿਆਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਨੂੰ ਖੁਸ਼ ਕਰ ਦਿੱਤਾ | ਇਸ ਸਮਾਗਮ ਰਾਹੀਂ ਵਿਦਿਆਰਥੀਆਂ ਨੂੰ ਸਿਰਫ਼ ਖਾਣਾ ਬਣਾਉਣ ਦਾ ਹੀ ਨਹੀਂ, ਸਗੋਂ ਪਬਲਿਕ ਇੰਟਰਐਕਸ਼ਨ, ਸਮਾਗਮ ਪ੍ਰਬੰਧਨ ਅਤੇ ਟੀਮ ਵਰਕ ਵਿਚ ਵੀ ਮਹੱਤਵਪੂਰਨ ਅਨੁਭਵ ਮਿਲਿਆ | ਸਮਾਗਮ ਦੇ ਅੰਤ ਵਿਚ ਸਭ ਤੋਂ ਸ੍ਰੇਸ਼ਠ ਖਾਣੇ ਬਣਾਉਣ ਵਾਲੀਆਂ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤਰ੍ਹਾਂ ਫੂਡ ਫੈਸਟ-2026 ਨੇ ਸਿਰਫ ਵਿਦਿਆਰਥੀਆਂ ਦੇ ਰਸੋਈ ਹੁਨਰ ਨੂੰ ਉਭਾਰਿਆ ਹੀ ਨਹੀਂ, ਸਗੋਂ ਯੂਨੀਵਰਸਿਟੀ ਦੇ ਵਿਭਾਗੀ ਰਿਸ਼ਤਿਆਂ ਨੂੰ ਵੀ ਮਜ਼ਬੂਤ ਕੀਤਾ |