ਮਹਿਮਾ ਸਰਜਾ, 10 ਮਾਰਚ (ਬਲਦੇਵ ਸੰਧੂ)-ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਦੇ ਲੈਕਚਰਾਰ ਬਾਇਓਲੋਜੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰੈਸਟਰਡ ਲਾਰਕ 'ਟੋਪ ਚਿੜੀ' ਨੂੰ ਪਹਿਲੀ ਵਾਰੀ ਮਹਿਮਾ ਸਰਜਾ ਖੇਤਰ 'ਚ ਰਿਕਾਰਡ ਕੀਤਾ ਗਿਆ ਹੈ | ਇਸ ਦਾ ਵਿਗਿਆਨਕ ਨਾਂ ਗਾਲੇਰਾਈਡਾ ਕਰਿਸਟੇਟਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਮਹਿਮਾ ਸਰਜਾ ਖੇਤਰ ਦੀ ਜੈਵਿਕ ਵਿਭਿੰਨਤਾ 'ਤੇ ਕੰਮ ਕਰਦੇ ਹੋਏ, ਕਦੇ ਵੀ ਟੋਪ ਚਿੜੀ ਨੂੰ ਨਹੀਂ ਦੇਖਿਆ ਗਿਆ ਸੀ | ਇਸ ਨੂੰ ਪੰਜਾਬ ਦੇ ਕੁੱਝ ਭਾਗਾਂ 'ਚ ਬੋਦਲ ਚੰਡੋਲ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਜੈਵਿਕ ਵਿਭਿੰਨਤਾ ਦੇ ਦਿ੍ਸ਼ਟੀਕੋਣ ਤੋਂ ਮਹਿਮਾ ਸਰਜਾ ਖੇਤਰ ਵਿਚ ਇਸ ਦਾ ਪਾਇਆ ਜਾਣਾ ਇਕ ਸ਼ੁੱਭ ਸੰਕੇਤ ਹੈ | ਕਰੈਸਟਡ ਲਾਰਕ ਇਕ ਛੋਟੇ ਆਕਾਰ ਦਾ ਗੂੜ੍ਹੇ-ਭੂਰੇ ਰੰਗ ਦੀਆਂ ਧਾਰੀਆਂ ਵਾਲਾ ਪੰਛੀ ਹੈ, ਜਿਸ ਦੇ ਸਿਰ ਉਪਰ ਇਕ ਤਿੱਖੀ ਟੋਪ ਵਰਗੀ ਸੰਰਚਨਾ ਬਣੀ ਹੁੰਦੀ ਹੈ | ਇਹ ਪੰਛੀ ਖੁਸ਼ਕ-ਰੇਤਲੇ ਜਾਂ ਖੇਤੀਯੋਗ ਰੇਤਲੇ ਥਾਵਾਂ 'ਤੇ ਪਾਇਆ ਜਾਂਦਾ ਹੈ | 'ਟੋਪ ਚਿੜੀ' ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਮਿਲਦੀ ਹੈ, ਪਰ ਇਸ ਨੂੰ ਪਿਛਲੇ ਸਾਲਾਂ ਵਿਚ ਮਹਿਮਾ ਸਰਜਾ ਖੇਤਰ 'ਚ ਕਦੇ ਨਹੀਂ ਦੇਖਿਆ ਗਿਆ ਸੀ | ਹੁਣ ਕਾਫ਼ੀ ਗਿਣਤੀ 'ਚ ਇਨ੍ਹਾਂ ਨੂੰ ਦੇਖਿਆ ਗਿਆ | ਉਨ੍ਹਾਂ ਕਿਹਾ ਕਿ ਇਸ ਦੇ ਕਾਰਨ ਲੱਭਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ | ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ ਤੇ ਉਨ੍ਹਾਂ ਦੇ ਸਕੂਲ ਵਿਦਿਆਰਥੀਆਂ ਦੀ ਟੀਮ 'ਬਾਇਓਲੋਜੀ ਹੌਬੀ ਕਲੱਬ' ਦੇ ਤਹਿਤ ਮਹਿਮਾ ਸਰਜਾ ਖੇਤਰ 'ਚ ਸਾਰੇ ਮੌਸਮਾਂ ਦੌਰਾਨ ਜੈਵਿਕ ਵਿਭਿੰਨਤਾ ਦਾ ਲਗਾਤਾਰ ਅਧਿਐਨ ਕਰ ਰਹੀ ਹੈ ਤੇ ਵੱਖ-ਵੱਖ ਖੋਜ ਸੰਭਾਵਨਾਵਾਂ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ | ਆਰਨਾਂਥਾਲੋਜੀ ਪ੍ਰਾਜੈਕਟ ਦੇ ਤਹਿਤ ਬਠਿੰਡਾ ਜ਼ਿਲ੍ਹੇ ਦੇ ਪੰਛੀਆਂ ਦਾ ਅਧਿਐਨ ਪੀ. ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਦੇ ਬਾਇਓਲੋਜੀ ਹੌਬੀ ਕਲੱਬ ਵਲੋਂ ਕੀਤਾ ਜਾ ਰਿਹਾ ਹੈ |