ਵਿਸਾਖੀ ਜੋੜ ਮੇਲ ਦੇ ਆਖ਼ਰੀ ਦਿਨ ਹਜ਼ਾਰਾਂ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਹੋਈਆਂ ਨਤਮਸਤਕ
ਅਜੀਤ ਡੈਸਕ
16-04-2026
ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਅਧਿਆਤਮਕ ਅਤੇ ਇਤਿਹਾਸਕ ਰੌਸ਼ਨੀ ਪਾਉਂਦਿਆਂ ਕਿਹਾ ਕਿ 'ਦਸਤਾਰ ਮਹਿਜ਼ ਇਕ ਪਹਿਰਾਵਾ ਨਹੀਂ, ਸਗੋਂ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਹੋਈ ਉਹ ਇਲਾਹੀ ਬਖਸ਼ਿਸ਼ ਹੈ ਜੋ ਸਿੱਖ ਨੂੰ ਭੀੜ ਵਿੱਚ ਵੀ ਇੱਕ ਵਿਲੱਖਣ ਪਛਾਣ ਤੇ ਮਾਣ ਪ੍ਰਦਾਨ ਕਰਦੀ ਹੈ |ਅਜੋਕੇ ਦੌਰ ਵਿੱਚ ਜਿੱਥੇ ਪੱਛਮੀ ਸੱਭਿਆਚਾਰ ਦੀ ਚਮਕ-ਧਮਕ ਨੌਜਵਾਨੀ ਨੂੰ ਆਪਣੇ ਮੂਲ ਨਾਲੋਂ ਤੋੜ ਰਹੀ ਹੈ, ਉੱਥੇ ਇਨ੍ਹਾਂ ਬੱਚਿਆਂ ਦੇ ਸਿਰਾਂ 'ਤੇ ਸਜੀਆਂ ਸੁੰਦਰ ਦਸਤਾਰਾਂ ਕੌਮ ਦੇ ਸੁਨਹਿਰੀ ਭਵਿੱਖ ਦੀ ਗਵਾਹੀ ਭਰਦੀਆਂ ਹਨ | ਉਨਾਂ ਕਿਹਾ ਕਿ ਹਰੇਕ ਸਿੱਖ ਨੌਜਵਾਨ ਦਾ ਫ਼ਰਜ਼ ਹੈ ਕਿ ਉਹ ਦਸਤਾਰ ਦੀ ਪਵਿੱਤਰਤਾ ਅਤੇ ਇਸ ਦੀ ਮਰਿਆਦਾ ਨੂੰ ਸਮਝ ਕੇ ਆਪਣੇ ਜੀਵਨ ਚ ਧਾਰਨ ਕਰੇ |'
ਧਰਮ ਪ੍ਰਚਾਰ ਕਮੇਟੀ ਮੈਂਬਰ ਅਵਤਾਰ ਸਿੰਘ ਬਨਵਾਲਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਧਰਮ ਪ੍ਰਚਾਰ ਲਹਿਰ ਨੂੰ ਪਿੰਡਾਂ ਅਤੇ ਵਿੱਦਿਅਕ ਅਦਾਰਿਆਂ ਤੱਕ ਪਹੁੰਚਾਇਆ ਜਾ ਰਿਹੈ | ਸ਼੍ਰੋਮਣੀ ਕਮੇਟੀ ਅੰਤਿ੍ਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ ਨੇ ਦਸਤਾਰ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਦੇ ਨਾਲ-ਨਾਲ ਆਪਣੇ ਧਰਮ ਪ੍ਰਤੀ ਦਿ੍ੜ੍ਹਤਾ ਵੀ ਪੈਦਾ ਕਰਦੇ ਹਨ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਅਹੁਦੇਦਾਰ ਵੀ ਮੌਜੂਦ ਸਨ |
ਉੱਧਰ ਵਿਸਾਖੀ ਜੋੜ ਮੇਲ ਦੇ ਆਖ਼ਰੀ ਦਿਨ ਅੱਜ ਤਖਤ ਸਾਹਿਬ ਵਿਖੇ ਢਾਡੀ ਦਰਬਾਰ ਸਜਾਇਆ ਗਿਆ ਜਿਸ ਚ ਢਾਡੀ ਸਿੰਘਾਂ ਨੇ ਵੀਰ ਰਸ ਵਾਰਾਂ ਨਾਲ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ | ਪ੍ਰਸਿੱਧ ਧਾਰਮਿਕ ਸੰਸਥਾ ਗੁ: ਬੁੰਗਾ ਮਸਤੂਆਣਾ 'ਚ ਕਵੀਸ਼ਰੀ ਦਰਬਾਰ ਕਰਵਾਇਆ ਗਿਆ ਜਿਸ 'ਚ ਪ੍ਰਸਿੱਧ ਕਵੀਸ਼ਰਾਂ ਨੇ ਕਾਵਿ ਰਚਨਾਵਾਂ ਰਾਹੀਂ ਖ਼ਾਲਸਾ ਸਾਜਨਾ ਦਾ ਵਿਰਤਾਂਤ ਸਿਰਜਿਆ | ਬੁੰਗਾ ਮਸਤੂਆਣਾ ਮੁਖੀ ਬਾਬਾ ਕਾਕਾ ਸਿੰਘ ਨੇ ਕਵੀਸ਼ਰਾਂ ਨੂੰ ਸਨਮਾਨਿਤ ਵੀ ਕੀਤਾ | ਸ਼ਾਮ ਨੂੰ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਦਲਾਂ ਵਲੋਂ ਖ਼ਾਲਸਾਈ ਜਾਹੋ ਜਲਾਲ ਨਾਲ ਮਹੱਲਾ ਸਜਾਉਣ ਦੇ ਨਾਲ ਹੀ ਵਿਸਾਖੀ ਜੋੜ ਮੇਲ ਰਸਮੀ ਸਮਾਪਤ ਹੋ ਗਿਆ |