ਸੰਗਤ ਮੰਡੀ, 19 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲਦੀ ਨਜ਼ਰ ਆਈ, ਜਦੋਂ ਪਿੰਡਾਂ ਦੇ ਲੋਕਾਂ ਨੇ ਬਿਜਲੀ ਗਰਿੱਡ ਘੇਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਪਿੰਡ ਮਛਾਣਾ ਦੇ ਪੰਚ ਲੱਖਾ ਸਿੰਘ ਤੇ ਸੰਗਤ ਸਹਾਰਾ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਕਈ ਦਿਨ ਤੋਂ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੇ ਕੱਟ ਲਾਏ ਜਾਂਦੇ ਹਨ, ਇਸ ਤੋਂ ਬਾਅਦ ਰਾਤ 7 ਵਜੇ ਤੋਂ 12 ਵਜੇ ਤੱਕ ਫਿਰ ਕੱਟ ਲਗਾ ਦਿੱਤਾ ਜਾਂਦਾ ਹੈ | ਸ਼ਾਮ ਨੂੰ ਪਿੰਡਾਂ ਦੇ ਲੋਕ ਖੇਤਾਂ 'ਚੋਂ ਕੰਮ ਕਰਕੇ ਘਰ ਆਉਂਦੇ ਹਨ ਤਾਂ ਅੱਗੋਂ ਲਾਈਟ ਬੰਦ ਮਿਲਦੀ ਹੈ, ਜਿਸ ਕਾਰਨ ਰਾਤ ਦੀ ਰੋਟੀ ਖਾਣੀ ਵੀ ਦੁੱਭਰ ਹੋ ਜਾਂਦੀ ਹੈ | ਪਿੰਡ ਮਛਾਣਾ, ਗੁਰਥੜੀ ਤੇ ਜੱਸੀ ਬਾਗਵਾਲੀ ਵਾਸੀਆਂ ਨੇ ਦੱਸਿਆ ਕਿ ਪੱਕਾ ਕਲਾਂ ਗਰਿੱਡ ਅਤੇ ਪਿੰਡ ਪੱਕਾ ਕਲਾਂ ਵਿਖੇ ਬਿਜਲੀ ਚੱਲ ਰਹੀ ਹੁੰਦੀ ਹੈ, ਜਦੋਂ ਕਿ ਉਨ੍ਹਾਂ ਦੇ ਪਿੰਡਾਂ ਦੀ ਬਿਜਲੀ ਬੰਦ ਰੱਖੀ ਜਾਂਦੀ ਹੈ | ਜਿਸ ਕਾਰਨ ਗਰਮੀ ਅਤੇ ਮੱਛਰ ਕਾਰਨ ਛੋਟੇ-ਛੋਟੇ ਬੱਚਿਆਂ ਦਾ ਬੁਰਾ ਹਾਲ ਹੋ ਜਾਦਾ ਹੈ | ਇਹ ਵਰਤਾਰਾ ਇੱਕ ਦਿਨ ਦਾ ਨਹੀਂ, ਸਗੋਂ ਹਰ ਦਿਨ ਦਾ ਹੈ, ਇਸ ਨਾਲ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਪਾਵਰ ਕੱਟ ਰੋਕੇ ਜਾਣ | ਇਸ ਮੌਕੇ ਪਿੰਡ ਵਾਸੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਰਾਤ ਦੇ ਸਮੇਂ ਇਸੇ ਤਰ੍ਹਾਂ ਬਿਜਲੀ ਕੱਟ ਲੱਗਦੇ ਰਹੇ ਤਾਂ ਉਹ ਕੋਈ ਵੱਡਾ ਕਦਮ ਚੁੱਕਣ ਲਈ ਮਜਬੂਰ ਹੋ ਜਾਣਗੇ | ਇਸ ਮੌਕੇ ਪਿੰਡ ਮਛਾਣਾ ਤੇ ਗੁਰਥੜੀ ਦੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ | ਇਸ ਬਾਰੇ ਗਰਿੱਡ ਅਧਿਕਾਰੀਆਂ ਨੇ ਕਿਹਾ ਬਿਜਲੀ ਕੱਟ ਉੱਪਰੋਂ ਲੱਗਦੇ ਹਨ ਅਤੇ ਪੱਕਾ ਕਲਾਂ ਸ਼ਹਿਰੀ ਫ਼ੀਲਡ ਹੋਣ ਕਰਕੇ ਬਿਜਲੀ ਚੱਲਦੀ ਹੈ | ਪਾਵਰਕਾਮ ਦੇ ਐਸ.ਡੀ.ਓ ਕੇਵਲ ਕਿ੍ਸ਼ਨ ਸੇਠੀ ਨੇ ਦੱਸਿਆ ਕਿ ਕਣਕਾਂ ਦੀ ਵਾਢੀ ਕਾਰਨ ਅੱਗ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪਾਵਰ ਕੱਟ ਲਾਏ ਜਾ ਰਹੇ ਹਨ |