ਰਾਮਪੁਰਾ ਫੂਲ, 19 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਤ੍ਰਾਸਦੀ ਵੇਖੋ ਰਾਜ ਦੇ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਨੰਨ੍ਹੇ-ਮੁੰਨੇ ਵਿਦਿਆਰਥੀ ਨਵੇਂ ਅਧਿਆਪਕਾਂ ਦੀ ਉਡੀਕ ਵਿਚ ਹਨ, ਦੂਜੇ ਪਾਸੇ (ਈ.ਟੀ.ਟੀ) ਅਤੇ ਟੈੱਟ ਪਾਸ ਕਰ ਚੁੱਕੇ 50 ਹਜ਼ਾਰ ਤੋਂ ਵੱਧ ਅਧਿਆਪਕ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ | ਇਸ ਸਥਿਤੀ ਦੀ ਤ੍ਰਾਸਦੀ ਇਸ ਹੱਦ ਤੱਕ ਗੰਭੀਰ ਹੈ ਕਿ ਜੇਕਰ ਵਿਭਾਗ ਨੇ ਜਲਦ ਹੀ ਭਰਤੀ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ ਬੇਰੁਜ਼ਗਾਰਾਂ ਦਾ ਵੱਡਾ ਹਿੱਸਾ ਓਵਰਏਜ ਹੋ ਜਾਵੇਗਾ | ਈ.ਟੀ.ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਆਗੂਆਂ ਰਾਹੁਲ ਕੰਬੋਜ, ਲਵਿਸ਼ ਫ਼ਾਜ਼ਿਲਕਾ, ਪਰਮਜੀਤ ਮਾਨਸਾ, ਬਲਵੰਤ ਪਟਿਆਲਾ, ਗੁਰਪ੍ਰੀਤ ਸਿੰਘ, ਤਕਦੀਰ ਸਿੰਘ, ਹਰਪ੍ਰੀਤ ਕੌਰ ਅਤੇ ਨਵਦੀਪ ਬੱਲੀ ਨੇ ਦੱਸਿਆ ਕਿ ਪੰਜਾਬ ਅੰਦਰ ਦੋ ਸਾਲਾ ਈ.ਟੀ.ਟੀ ਕੋਰਸ ਕਰ ਚੁੱਕੇ ਬੇਰੁਜ਼ਗਾਰਾਂ ਦੀ ਗਿਣਤੀ 80 ਹਜ਼ਾਰ ਨੂੰ ਟੱਪਣ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਤਾਂ ਆਪਣੇ ਵੇਲੇ ਲਗਾਤਾਰ ਭਰਤੀ ਇਸ਼ਤਿਹਾਰ ਜਾਰੀ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਨਿੱਗਰ ਉਪਰਾਲੇ ਕੀਤੇ ਸਨ, ਜਦੋਂ ਕਿ ਆਪ ਪਾਰਟੀ ਦੀ ਸਰਕਾਰ ਨੇ ਤਾਂ ਉਨ੍ਹਾਂ ਦਾ ਪੂਰ ਹੀ ਸਿਰੇ ਚੜ੍ਹਾਇਆ ਹੈ, ਜਿਸ ਲਈ ਰੁਜ਼ਗਾਰ ਹਾਸਲ ਕਰ ਚੁੱਕੇ ਨੌਜਵਾਨ ਉਨ੍ਹਾਂ ਦੇ ਧੰਨਵਾਦੀ ਹਨ, ਪਰ ਈ.ਟੀ.ਟੀ ਦੇ ਨਾਲ-ਨਾਲ ਟੈੱਟ ਪਾਸ ਕਰ ਚੁੱਕੇ ਨੌਜਵਾਨਾਂ ਨੂੰ ਰੋਸ ਇਸ ਗੱਲ ਦਾ ਹੈ ਕਿ ਸੱਤਾ ਧਿਰ ਨੇ ਆਪਣੇ ਰਾਜ ਭਾਗ ਦੌਰਾਨ ਇੱਕ ਵੀ ਭਰਤੀ ਇਸ਼ਤਿਹਾਰ ਜਾਰੀ ਕਰਕੇ ਰੁਜ਼ਗਾਰ ਦੇ ਠੋਸ ਪ੍ਰਬੰਧ ਨਹੀਂ ਕੀਤੇ | ਉਨ੍ਹਾਂ ਦੱਸਿਆ ਕਿ ਇਹ ਸਰਕਾਰ ਈ.ਟੀ.ਟੀ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੇ ਸਿਲਸਿਲੇ ਵਿਚ 2023, 2025, 2026 ਦੌਰਾਨ ਤਿੰਨ ਵਾਰ ਟੈੱਟ ਪ੍ਰੀਖਿਆ ਤਾਂ ਲੈ ਚੁੱਕੀ ਹੈ ਪਰ ਰੁਜ਼ਗਾਰ ਦੇਣ ਦੇ ਆਖ਼ਰੀ ਪੜਾਅ ਨੂੰ ਪੂਰਨ ਲਈ ਭਰਤੀ ਇਸ਼ਤਿਹਾਰ ਨਹੀਂ ਕੱਢ ਰਹੀ | ਉਨ੍ਹਾਂ ਆਪਣੀ ਵਿੱਥਿਆ ਦੱਸੀ ਕਿ ਲਗਦਾ ਹੈ ਕਿ ਮਾਪਿਆਂ ਕੋਲੋਂ ਮਹਿੰਗੀਆਂ ਫ਼ੀਸਾਂ ਭਰਵਾਕੇ, ਪਹਿਲਾਂ ਉਨ੍ਹਾਂ ਬਾਰ੍ਹਵੀਂ/ਗਰੈਜੂਏਸ਼ਨ ਤੱਕ ਦੀ ਪੜ੍ਹਾਈ, ਫਿਰ ਦੋ ਸਾਲਾ ਟੀਚਰ ਕੋਰਸ ਕਰਦਿਆਂ ਆਪਣੀ ਜਵਾਨੀ ਅਤੇ ਪੈਸਾ ਬਰਬਾਦ ਕਰ ਦਿੱਤਾ ਹੈ | ਉਨ੍ਹਾਂ ਅਨੁਸਾਰ ਜੇਕਰ ਸਰਕਾਰ ਨੇ ਭਰਤੀ ਇਸ਼ਤਿਹਾਰ ਜਲਦੀ ਜਾਰੀ ਨਾ ਕੀਤਾ ਤਾਂ ਉਨ੍ਹਾਂ ਦਾ ਭਵਿੱਖ ਤਬਾਹ ਹੋ ਜਾਵੇਗਾ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਰਤੀ ਇਸ਼ਤਿਹਾਰ ਜਾਰੀ ਕਰਕੇ ਰੁਜ਼ਗਾਰ ਦੇ ਪ੍ਰਬੰਧ ਕਰੇ | ਜਥੇਬੰਦੀ ਨੇ ਸੰਘਰਸ਼ ਦੀ ਵਿਉਂਤਬੰਦੀ ਲਈ ਅੱਜ 20 ਅਪ੍ਰੈਲ ਨੂੰ ਚਿਲਡਰਨ ਪਾਰਕ ਬਠਿੰਡਾ ਵਿਖੇ ਸਵੇਰੇ 10:00 ਵਜੇ ਮੀਟਿੰਗ ਬੁਲਾ ਲਈ ਹੈ, ਜਿਸ ਵਿਚ ਸਾਰੇ ਟੈੱਟ ਪਾਸ ਈ.ਟੀ.ਟੀ ਬੇਰੁਜ਼ਗਾਰਾਂ ਨੂੰ ਪੁੱਜਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ |