ਮੌੜ ਮੰਡੀ, 22 ਅਪ੍ਰੈਲ (ਗੁਰਜੀਤ ਸਿੰਘ ਕਮਾਲੂ)- ਭਾਰਤੀ ਜਨਤਾ ਪਾਰਟੀ ਵਲੋਂ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਪੰਜਾਬ ਵਿਚ ਪੂਰੀ ਤਰ੍ਹਾਂ ਨਾਲ ਆਰੰਭ ਕਰ ਦਿੱਤੀਆਂ ਹਨ ਜਿਸ ਦੇ ਚਲਦਿਆ ਕੇਂਦਰ ਦੀ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ | ਭਾਜਪਾ ਦੇ ਆਗੂ ਦਿਨ ਰਾਤ ਇਕ ਕਰਕੇ ਲੋਕਾਂ ਨਾਲ ਰਾਬਤਾ ਬਣਾ ਰਹੇ ਹਨ ਅਤੇ ਲੋਕਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰ ਰਹੇ ਹਨ | ਇਸ ਦੇ ਚੱਲਦਿਆਂ ਹੀ ਹਲਕਾ ਮੌੜ ਦੇ ਕਨਵੀਨਰ ਦਿਆਲ ਸਿੰਘ ਸੋਢੀ ਦੀ ਹਾਜ਼ਰੀ ਵਿਚ 30 ਦੇ ਕਰੀਬ ਪਰਿਵਾਰਾਂ ਨੇ ਭਾਜਪਾ ਦਾ ਪੱਲਾ ਫੜਿਆ ਹੈ | ਇਨ੍ਹਾਂ ਸਾਰੇ ਪਰਿਵਾਰਾਂ ਨੂੰ ਦਿਆਲ ਸੋਢੀ ਵੱਲੋਂ ਪਾਰਟੀ ਵਿਚ ਸ਼ਾਮਲ ਕਰਕੇ ਇਹ ਵਿਸ਼ਵਾਸ ਦਵਾਇਆ ਗਿਆ ਕਿ ਹਰ ਇਕ ਵਿਅਕਤੀ ਦਾ ਪਾਰਟੀ ਵਿਚ ਪੂਰਾ ਆਦਰ ਮਾਣ ਕੀਤਾ ਜਾਵੇਗਾ | ਇਸ ਮੌਕੇ ਬੋਲਦੇ ਹੋਏ ਦਿਆਲ ਸੋਢੀ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਅਸਲ ਵਿਚ ਤਰੱਕੀ ਦੇ ਰਾਹ ਤੇ ਤੋਰਨਾ ਹੈ ਤਾਂ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਲਿਆਉਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਸਾਰੀਆਂ ਹੀ ਪਾਰਟੀਆਂ ਨੂੰ ਅਜ਼ਮਾ ਕੇ ਦੇਖ ਲਿਆ ਹੈ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਭਲੇ ਦੀ ਗੱਲ ਨਹੀ ਕੀਤੀ | ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਜੇਕਰ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸੂਬਾ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੇਗਾ | ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਪੂਰੀ ਤਰ੍ਹਾਂ ਵਿਕਸਤ ਸੂਬਾ ਬਣਿਆ ਦੇਖਣਾ ਚਾਹੁੰਦੇ ਹਨ | ਇਸ ਮੌਕੇ ਸਰਕਲ ਮਾਈਸਰਖਾਨਾ ਪ੍ਰਧਾਨ ਮਲਕੀਤ ਸਿੰਘ, ਜ਼ਿਲ੍ਹਾ ਆਗੂ ਬਲਕੌਰ ਸਿੰਘ, ਯੂਥ ਆਗੂ ਕੁਲਦੀਪ ਸਿੰਘ ਰਾਮਨਗਰ, ਸੀਨੀਅਰ ਆਗੂ ਜੀਵਨ ਗੁਪਤਾ, ਸਰਕਲ ਮੀਤ ਪ੍ਰਧਾਨ ਅਵਤਾਰ ਸਿੰਘ ਰਾਮਨਗਰ ਆਦਿ ਵੀ ਹਾਜ਼ਰ ਸਨ |