ਤਲਵੰਡੀ ਸਾਬੋ, 23 ਅਪ੍ਰੈਲ (ਰਣਜੀਤ ਸਿੰਘ ਰਾਜੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (ਸੰਸਦ ਮੈਂਬਰ) ਦੇ ਧਰਮ-ਪਤਨੀ ਅਤੇ ਕਾਂਗਰਸ ਵਲੋਂ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜ ਚੁੱਕੇ ਬੀਬਾ ਅੰਮਿ੍ਤਾ ਵੜਿੰਗ ਬੀਤੀ ਦੇਰ ਸ਼ਾਮ ਸਿੱਖ ਕੌਮ ਦੇ ਚੌਥੇ ਤਖਤ,ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪੁੱਜੇ | ਤਖਤ ਸਾਹਿਬ ਪੁੱਜਣ 'ਤੇ ਬੀਬਾ ਅੰਮਿ੍ਤਾ ਵੜਿੰਗ ਦਾ ਕਾਂਗਰਸ ਵਲੋਂ ਹਲਕਾ ਤਲਵੰਡੀ ਸਾਬੋ ਤੋਂ ਸਿਆਸੀ ਤੌਰ ਤੇ ਸਰਗਰਮ ਸੀਨੀਅਰ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਜੀ ਆਇਆਂ ਆਖਿਆ | ਅੰਮਿ੍ਤਾ ਵੜਿੰਗ ਨੇ ਸਭ ਤੋਂ ਪਹਿਲਾਂ ਤਖਤ ਸਾਹਿਬ ਮੱਥਾ ਟੇਕਿਆ ਅਤੇ ਕੁਝ ਸਮਾਂ ਕੀਰਤਨ ਸ੍ਰਵਣ ਕੀਤਾ | ਉਨਾਂ ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਦੇ ਭੌਰਾ ਸਾਹਿਬ ਦੇ ਵੀ ਦਰਸ਼ਨ ਕੀਤੇ ਅਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਤਖਤ ਸਾਹਿਬ ਦੇ ਇਤਿਹਾਸ ਸਬੰਧੀ ਲੱਗੀ ਚਿੱਤਰ ਪ੍ਰਦਰਸ਼ਨੀ ਵੀ ਦੇਖੀ | ਤਖਤ ਸਾਹਿਬ ਮੱਥਾ ਟੇਕਣ ਉਪਰੰਤ ਬੀਬਾ ਵੜਿੰਗ ਨੇ ਗੁ: ਲਿਖਣਸਰ ਸਾਹਿਬ ਵਿਖੇ ਪਹੁੰਚ ਕੇ ਪੈਂਤੀ ਲਿਖੀ | ਗੱਲਬਾਤ ਕਰਨ ਤੇ ਉਨਾਂ ਕਿਹਾ ਕਿ ਤਖਤ ਸਾਹਿਬ ਮੱਥਾ ਟੇਕ ਕੇ ਅੱਜ ਉਨਾਂ ਨੂੰ ਮਾਨਸਿਕ ਸਕੂਨ ਦੀ ਪ੍ਰਾਪਤੀ ਹੋਈ ਹੈ ਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਹੈ | ਉਨਾਂ ਕਿਸੇ ਕਿਸਮ ਦੀ ਸਿਆਸੀ ਗੱਲਬਾਤ ਕਰਨ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਹ ਅੱਜ ਤਖਤ ਸਾਹਿਬ ਵਿਖੇ ਸਿਰਫ਼ ਇੱਕ ਸ਼ਰਧਾਲੂ ਵਜੋਂ ਨਤਮਸਤਕ ਹੋਣ ਪੁੱਜੇ ਹਨ | ਇਸ ਮੌਕੇ ਕਾਂਗਰਸੀ ਟਕਸਾਲੀ ਪਰਿਵਾਰ 'ਚੋਂ ਨੌਜਵਾਨ ਆਗੂ ਅਮਨਦੀਪ ਸ਼ਰਮਾ,ਕਾਂਗਰਸ ਸੋਸ਼ਲ ਮੀਡੀਆ ਵਿੰਗ ਸੂਬਾ ਸਕੱਤਰ ਵਿਕਾਸ ਤਲਵੰਡੀ, ਮਨਪ੍ਰੀਤ ਸਿੰਘ ਤਲਵੰਡੀ ਸਾਬੋ, ਗੈਰੀ ਸਿੰਘ, ਬੱਬੂ ਸਿੰਘ, ਦਰਸ਼ਨ ਸਿੰਘ ਤੇ ਬਲਵੀਰ ਸਿੰਘ ਆਦਿ ਮੌਜੂਦ ਸਨ |