ਮੌੜ ਮੰਡੀ, 28 ਅਪ੍ਰੈਲ (ਗੁਰਜੀਤ ਸਿੰਘ ਕਮਾਲੂ) ਹਲਕਾ ਮੌੜ ਅੰਦਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਲਗਾਤਾਰ ਆਪਣੀਆਂ ਸਰਗਰਮੀਆਂ ਨੂੰ ਚਲਾ ਰਹੇ ਹਨ ਅਤੇ ਲੋਕਾਂ ਨਾਲ ਰਾਬਤਾ ਬਣਾ ਰਹੇ ਹਨ | ਮੌੜ ਕਲਾਂ ਵਿਚ ਉਨ੍ਹਾਂ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਇੱਥੋਂ ਦੇ ਕੁਝ ਅਕਾਲੀ ਪਰਿਵਾਰਾਂ ਨੂੰ ਉਹ ਕਾਂਗਰਸ ਵਿਚ ਸ਼ਾਮਲ ਕਰ ਗਏ | ਮੌੜ ਕਲਾਂ ਤੋਂ ਬੁੱਗਰ ਸਿੰਘ ਦੇ ਪਰਿਵਾਰ ਤੋਂ ਇਲਾਵਾ ਹੋਰ ਕਈ ਪਰਿਵਾਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ | ਇੰਨ੍ਹਾਂ ਸਾਰੇ ਪਰਿਵਾਰਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਸਮੇਂ ਸੰਬੋਧਨ ਕਰਦੇ ਹੋਏ ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਵਿਚ ਆਉਣ ਵਾਲੇ ਹਰ ਇਕ ਵਰਕਰ ਦਾ ਪੂਰਾ ਇੱਜ਼ਤ ਸਤਿਕਾਰ ਕੀਤਾ ਜਾਵੇਗਾ |ਉਨ੍ਹਾਂ ਕਿਹਾ ਕਿ ਹਲਕਾ ਮੌੜ ਵਿਚ ਕਾਂਗਰਸ ਪ੍ਰਤੀ ਲੋਕਾਂ ਦਾ ਰੁੱਖ ਬਹੁਤ ਵਧੀਆ ਹੈ ਅਤ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਇਸ ਹਲਕੇ ਤੋਂ ਬਹੁਤ ਵੱਡੀ ਜਿੱਤ ਪ੍ਰਾਪਤ ਕਰੇਗੀ |ਪੰਜਾਬ ਸਰਕਾਰ ਤੇ ਵਰ੍ਹਦੇ ਹੋਏ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੂਬੇ ਵੱਲ ਕੋਈ ਧਿਆਨ ਨਹੀ ਹੈ | ਨਿੱਤ ਨਵੇਂ ਬਲਾਸਟ ਹੋਣੇ, ਕਤਲ , ਡਕੈਤੀਆਂ, ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੇ ਵਪਾਰੀਆ ਅਤੇ ਆਮ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ | ਲੋਕ ਮੁੱਢਲੀਆਂ ਲੋੜਾਂ ਨੂੰ ਤਰਸ ਰਹੇ ਹਨ |ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ ਪ੍ਰੰਤੂ ਸਰਕਾਰ ਦੇ ਕਿਸੇ ਵੀ ਨੁੰਮਾਇੰਦੇ ਦਾ ਇਸ ਪਾਸੇ ਕੋਈ ਵੀ ਧਿਆਨ ਨਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਸਬਕ ਜਰੂਰ ਸਿਖਾਉਣਗੇ | ਇਸ ਮੌਕੇ ਉਨ੍ਹਾਂ ਨਾਲ ਸੁਖਦੀਪ ਸਿੰਘ ਰਾਮਨਗਰ ਬਲਾਕ ਪ੍ਰਧਾਨ, ਬਲਕਾਰਾ ਸਿੰਘ ਮੌੜ ਕਲਾਂ, ਕੁਲਵੰਤ ਸਿੰਘ ਸਹਿਰੀ ਪ੍ਰਧਾਨ, ਲਾਭ ਸਿੰਘ ਮੌੜ ਕਲਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਵੀ ਹਾਜ਼ਰ ਸਨ |