ਬਠਿੰਡਾ, 28 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਆਮ ਆਦਮੀ ਪਾਰਟੀ (ਆਪ) ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਜੁੜੇ ਪੰਜਾਬ ਦੇ ਸੱਤ ਰਾਜ ਸਭਾ ਮੈਂਬਰਾਂ ਨੂੰ ਲੈ ਕੇ ਪੰਜਾਬ ਹੀ ਨਹੀਂ ਸਾਰੇ ਦੇਸ਼ ਦੀ ਸਿਆਸਤ ਗਰਮਾਈ ਹੋਈ ਹੈ | ਇਸ ਮਾਮਲੇ ਵਿਚ ਜਿੱਥੇ ਆਪ ਆਗੂ ਉਕਤ ਰਾਜ ਸਭਾ ਮੈਂਬਰਾਂ ਨੂੰ ਗ਼ੱਦਾਰ ਕਹਿਕੇ ਭੰਡ ਰਹੇ ਹਨ, ਉੱਥੇ ਭਾਜਪਾ ਇੰਨ੍ਹਾਂ ਰਾਜ ਸਭਾ ਮੈਂਬਰਾਂ ਦੇ ਹੱਕ ਵਿਚ ਆ ਖੜੀ ਹੈ | ਇਸ ਮਸਲੇ ਨੂੰ ਲੈ ਕੇ ਅੱਜ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਵਲੋਂ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਵਿਸ਼ੇਸ਼ ਪੈੱ੍ਰਸ ਕਾਨਫ਼ਰੰਸ ਕੀਤੀ ਗਈ | ਇਸ ਮੌਕੇ ਦਿਆਲ ਸੋਢੀ ਨੇ ਕਿਹਾ ਕਿ ਆਪ ਦੇ ਪੰਜਾਬ ਨਾਲ ਸਬੰਧਿਤ ਸੱਤ ਰਾਜ ਸਭਾ ਮੈਂਬਰ ਆਪਣੀ ਆਜ਼ਾਦ ਮਰਜ਼ੀ ਨਾਲ ਭਾਜਪਾ ਦਾ ਹਿੱਸਾ ਬਣੇ ਹਨ ਤੇ ਉਨ੍ਹਾਂ ਕਿਸੇ ਤਰ੍ਹਾਂ ਦੇ ਦਬਾਅ ਹੇਠ ਇਹ ਸ਼ਮੂਲੀਅਤ ਨਹੀਂ ਕੀਤੀ ਹੈ | ਸੋਢੀ ਨੇ ਕਿਹਾ ਕਿ ਇੰਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਆਪ ਦੇ ਆਗੂਆਂ ਅਤੇ ਵਰਕਰਾਂ ਵਲੋਂ ਗ਼ੱਦਾਰ ਕਹਿਕੇ ਸੰਬੋਧਨ ਕਰਨਾ ਅਤੇ ਉਨ੍ਹਾਂ ਦੇ ਘਰਾਂ ਅਤੇ ਦਫ਼ਤਰਾਂ ਮੂਹਰੇ ਗ਼ੱਦਾਰ ਵਰਗੇ ਸ਼ਬਦ ਲਿਖਣਾ ਰਾਜ ਸਭਾ ਮੈਂਬਰ ਦੇ ਰੁਤਬੇ ਦੀ ਤੌਹੀਨ ਕਰਨਾ ਹੈ | ਉਨ੍ਹਾਂ ਕਿਹਾ ਕਿ ਇੰਨ੍ਹਾਂ ਰਾਜ ਸਭਾ ਮੈਂਬਰਾਂ ਨੇ ਸਿਰਫ਼ ਸਿਆਸੀ ਪਾਰਟੀ ਤਬਦੀਲ ਕੀਤੀ ਹੈ ਅਤੇ ਕੋਈ ਰਾਜ ਜਾਂ ਦੇਸ਼ ਵਿਰੋਧੀ ਕਾਰਜ ਨਹੀਂ ਕੀਤਾ, ਜਿਸ ਲਈ ਇੰਨ੍ਹਾਂ ਨੂੰ ਉਕਤ ਭੱਦੇ ਸ਼ਬਦਾਂ ਨਾਲ ਸੰਬੋਧਨ ਕਰਨਾ ਬਿਲਕੁਲ ਗਲਤ ਹੈ | ਸੋਢੀ ਨੇ ਕਿਹਾ ਕਿ ਸਗੋਂ ਉਹ ਪੰਜਾਬ ਦੇ ਡੀਜੀਪੀ ਤੋਂ ਇਹ ਮੰਗ ਕਰਦੇ ਹਨ ਕਿ ਇੰਨ੍ਹਾਂ ਰਾਜ ਸਭਾ ਮੈਂਬਰਾਂ ਨੂੰ ਗ਼ੱਦਾਰ ਕਹਿਣ ਵਾਲੇ ਲੋਕਾਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਸੋਢੀ ਨੇ ਕਿਹਾ ਕਿ ਜਿੱਥੇ ਭਾਜਪਾ ਸਰਕਾਰਾਂ ਹਨ, ਉਹ ਸੂਬੇ ਲਗਾਤਾਰ ਤਰੱਕੀ ਕਰ ਰਹੇ ਹਨ ਤੇ ਪਾਰਟੀ ਨੀਤੀਆਂ ਅਤੇ ਕੰਮਾਂ ਨੂੰ ਦੇਖ ਕੇ ਰਾਜ ਸਭਾ ਦੇ ਮੈਂਬਰਾਂ ਵਰਗੇ ਵੱਡੇ ਸਿਆਸਤਦਾਨ ਭਾਜਪਾ ਨਾਲ ਜੁੜ ਰਹੇ ਹਨ, ਪਰ ਪੰਜਾਬ ਆਮ ਆਦਮੀ ਪਾਰਟੀ ਨੂੰ 92 ਵਿਧਾਇਕਾਂ ਦਾ ਬਹੁਤ ਵੱਡਾ ਫ਼ਤਵਾ ਦੇ ਕੇ ਠੱਗਿਆ ਮਹਿਸੂਸ ਕਰ ਰਿਹਾ | ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਭਾਜਪਾ ਹਰ ਵਰਗ ਦੀ ਹਰਮਨ ਪਿਆਰੀ ਪਾਰਟੀ ਬਣ ਚੁਕੀ ਹੈ ਤੇ ਅੱਜ ਹਰ ਵਰਗ ਦੇ ਲੋਕ ਭਾਜਪਾ ਨਾਲ ਦਿਲੋਂ ਜੁੜ ਰਹੇ ਹਨ | ਸਿੰਗਲਾ ਨੇ ਕਿਹਾ ਕਿ ਭਾਜਪਾ ਰਾਜ ਵਾਲੇ ਸੂਬਿਆਂ ਵਿਚ ਪੂਰਨ ਅਮਨ ਸਾਂਤੀ ਹੈ, ਜਿਸ ਲਈ ਹੁਣ ਪੰਜਾਬ ਦੇ ਲੋਕ ਵੀ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ |
ਭਾਜਪਾ ਦਾ ਹਿੱਸਾ ਬਣੇ ਰਾਜ ਸਭਾ ਮੈਂਬਰਾਂ ਨੂੰ 'ਗ਼ੱਦਾਰ' ਕਹਿਣ ਵਾਲਿਆਂ 'ਤੇ ਡੀ.ਜੀ.ਪੀ. ਤੁਰੰਤ ਕਾਰਵਾਈ ਕਰਨ- ਸੋਢੀ
ਅਜੀਤ ਡੈਸਕ
29-04-2026