ਬਠਿੰਡਾ, 28 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)- ਆਲ ਇੰਡੀਆ ਮੈਡੀਕਲ ਇੰਸਟੀਚਿਊਟ ਆਫ਼ ਸਾਇੰਸ (ਏਮਜ਼) ਬਠਿੰਡਾ ਵਿਚੋਂ ਕੰਮ ਤੋਂ ਕੱਢੇ ਗਏ ਮੁਲਾਜ਼ਮਾਂ ਦੇ ਹੱਕ ਵਿਚ ਚੱਲ ਰਹੇ ਸੰਘਰਸ਼ ਦੀ ਆਖ਼ਰੀ ਉਸ ਸਮੇਂ ਜਿੱਤ ਹੋ ਗਈ, ਜਦੋਂ ਪ੍ਰਸ਼ਾਸਨ ਨੇ ਝੁਕਦੇ ਹੋਏ ਕੱਢੇ ਕਾਮਿਆਂ ਦੀ ਮੁੜ ਬਹਾਲੀ ਦਾ ਭਰੋਸਾ ਦਿੱਤਾ | ਇਸ ਭਰੋਸੇ ਬਾਅਦ ਸੰਘਰਸ਼ ਕਮੇਟੀ ਵਲੋਂ ਏਮਜ਼ ਮੂਹਰੇ ਲਗਾਇਆ ਗਿਆ ਪੱਕਾ ਧਰਨਾ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਧਰਨੇ ਦੀ ਅਗਵਾਈ ਕਰਦਿਆਂ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਲਕਰਨ ਸਿੰਘ ਬਰਾੜ, ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਮਿੱਠੂ ਸਿੰਘ ਘੁੱਦਾ, ਭਾਕਿਯੂ ਆਜ਼ਾਦ ਦੇ ਜ਼ਿਲ੍ਹਾ ਮਾਨਸਾ ਪ੍ਰਧਾਨ ਜਰਨੈਲ ਸਿੰਘ ਕਿਸ਼ਨਗੜ੍ਹ ਤੇ ਜਨਰਲ ਸਕੱਤਰ ਜਗਦੇਵ ਸਿੰਘ ਭੈਣੀ ਬਾਘਾ, ਖੇਤ ਮਜ਼ਦੂਰ ਸਭਾ ਦੇ ਮੱਖਣ ਸਿੰਘ ਗੁਰੂਸਰ ਤੇ ਜਰਨੈਲ ਸਿੰਘ ਯਾਤਰੀ ਨੇ ਕਿਹਾ ਕਿ ਏਮਜ਼ ਪ੍ਰਸ਼ਾਸਨ ਦੀ ਸ਼ਹਿ 'ਤੇ ਪ੍ਰਾਈਵੇਟ ਠੇਕੇਦਾਰਾਂ ਵਲੋਂ ਸੁਰੱਖਿਆ ਕਰਮੀਆਂ ਅਤੇ ਸਫ਼ਾਈ ਸੇਵਕਾਂ ਦੀ ਭਰਤੀ ਵਿਚ ਭਾਰੀ ਬੇਨਿਯਮੀਆਂ ਅਤੇ ਮਨਮਾਨੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੇਵਾ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੀ ਮਨਮਰਜ਼ੀ ਨਾਲ ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੰਦੇ ਹਨ | ਇਹ ਠੇਕੇਦਾਰੀ ਪ੍ਰਣਾਲੀ ਮਜ਼ਦੂਰਾਂ ਦੀ ਖੁੱਲ੍ਹੀ ਲੁੱਟ ਦਾ ਸਾਧਨ ਬਣ ਚੁੱਕੀ ਹੈ | ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਲੇਬਰ ਕਮਿਸ਼ਨ ਪੰਜਾਬ ਅਤੇ ਲੇਬਰ ਕਮਿਸ਼ਨ ਭਾਰਤ ਇਸ ਮਾਮਲੇ ਵਿਚ ਦਖ਼ਲ ਦੇ ਕੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਮਜ਼ਦੂਰਾਂ ਦਾ ਸ਼ੋਸ਼ਣ ਰੋਕਿਆ ਜਾ ਸਕੇ |
ਆਗੂਆਂ ਨੇ ਦੱਸਿਆ ਕਿ ਉਕਤ ਮੁਲਾਜ਼ਮਾਂ ਦੀ ਬਹਾਲੀ ਲਈ ਬਣਾਈ ਸੰਘਰਸ਼ ਕਮੇਟੀ ਵਲੋਂ ਪਿਛਲੇ ਕਈ ਦਿਨਾਂ ਤੋਂ ਏਮਜ਼ ਬਠਿੰਡਾ ਦੇ ਗੇਟ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ, ਪਰ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੀ ਤਰਫ਼ੋਂ ਐੱਸ.ਡੀ.ਐਮ. ਬਲਕਰਨ ਸਿੰਘ ਨੇ ਕਮੇਟੀ ਨਾਲ ਮੀਟਿੰਗ ਕਰਕੇ ਭਰੋਸਾ ਦਿਵਾਇਆ ਕਿ ਨੌਕਰੀ ਤੋਂ ਹਟਾਏ ਗਏ ਵਰਕਰਾਂ ਦੀਆਂ ਅਰਜ਼ੀਆਂ ਮੁੜ ਪ੍ਰਵਾਨ ਕਰ ਲਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਡਿਊਟੀ 'ਤੇ ਬਹਾਲ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ ਇਸ ਭਰੋਸੇ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਹੈ, ਪਰ ਜੇਕਰ ਪ੍ਰਸ਼ਾਸਨ ਨੇ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਮੁੜ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਮੁਲਾਜ਼ਮਾਂ ਦੀ ਪੂਰੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਸੁਖਦੇਵ ਸਿੰਘ ਕੁੱਬੇ, ਰਜਿੰਦਰ ਸਿੰਘ ਸੰਦੋਹਾ, ਉਮਰ ਦੀਨ ਜੱਸੀ, ਵੀਰਪਾਲ ਕੌਰ ਅਤੇ ਗੁਰਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ |
ਏਮਜ਼ ਬਠਿੰਡਾ 'ਚੋਂ ਕੱਢੇ ਗਏ ਮੁਲਾਜ਼ਮਾਂ ਦੀ ਮੁੜ ਬਹਾਲੀ ਲਈ ਪ੍ਰਸ਼ਾਸਨ ਝੁਕਿਆ
ਅਜੀਤ ਡੈਸਕ
29-04-2026