ਬਠਿੰਡਾ, 28 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵਲੋਂ ਜਿਲ੍ਹਾ ਬਠਿੰਡਾ ਵਿਚ ਬੱਚਿਆਂ ਦੀ ਭਲਾਈ ਅਤੇ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਕ ਮਹੱਤਵਪੂਰਨ ਮੀਟਿੰਗ ਦੀ ਅਗਵਾਈ ਕੀਤੀ ਗਈ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਵਿਚ ਚੱਲ ਰਹੀਆਂ ਗੋਦ ਲੈਣ ਦੀਆਂ ਸੇਵਾਵਾਂ ਅਤੇ ਪ੍ਰਕਿਰਿਆਵਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ ਅਤੇ ਸਬੰਧਿਤ ਅਧਿਕਾਰੀਆਂ ਨੂੰ ਇਸ ਵਿਚ ਹੋਰ ਸੁਧਾਰ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ | ਮੀਟਿੰਗ ਵਿਚ ਦੱਸਿਆ ਗਿਆ ਕਿ ਜ਼ਿਲ੍ਹਾ ਬਠਿੰਡਾ ਵਿਚ ਕੁੱਲ ਦੋ ਗੋਦ ਲੈਣ ਦੀਆਂ ਏਜੰਸੀਆਂ ਸ਼੍ਰੀ ਅਨੰਤ ਅਨਾਥ ਆਸ਼ਰਮ ਨਥਾਣਾ ਅਤੇ ਰੈਡ ਕਰਾਸ ਅਡਾਪਸ਼ਨ ਏਜੰਸੀ ਮੁੱਖ ਤੌਰ 'ਤੇ ਕੰਮ ਕਰ ਰਹੀਆਂ ਹਨ | ਸਾਲ 2016 ਤੋਂ ਲੈ ਕੇ ਹੁਣ ਤੱਕ ਕੁੱਲ 48 ਬੱਚਿਆਂ ਨੂੰ ਜੂਵੈਨਾਈਲ ਜਸਟਿਸ ਐਕਟ ਦੇ ਅਨੁਸਾਰ ਗੋਦ ਦਿੱਤਾ ਗਿਆ ਹੈ, ਜੋ ਕਿ ਬੱਚਿਆਂ ਦੀ ਭਲਾਈ ਵੱਲ ਇਕ ਵਧੀਆ ਕਦਮ ਹੈ | ਅੰਕੜਿਆਂ ਅਨੁਸਾਰ 30 ਲੜਕੀਆਂ ਵਿਚੋਂ 20 ਨੂੰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਅਤੇ 10 ਨੂੰ ਇੰਟਰ-ਕੰਟਰੀ ਗੋਦ ਤਹਿਤ ਸਪੇਨ, ਯੂ.ਐਸ.ਏ, ਇਟਲੀ, ਕੈਨੇਡਾ ਅਤੇ ਦੁਬਈ ਵਰਗੇ ਦੇਸ਼ਾਂ ਵਿਚ ਗੋਦ ਦਿੱਤਾ ਗਿਆ | ਇਸ ਤੋਂ ਇਲਾਵਾ 11 ਲੜਕਿਆਂ ਨੂੰ ਭਾਰਤ ਵਿਚ ਅਤੇ 2 ਨੂੰ ਵਿਦੇਸ਼ਾਂ (ਇਟਲੀ ਅਤੇ ਯੂ.ਐਸ.ਏ) ਵਿਚ ਗੋਦ ਦਿੱਤਾ ਗਿਆ | ਰਿਲੇਟਿਵ ਅਡਾਪਸ਼ਨ ਤਹਿਤ ਵੀ 3 ਬੱਚਿਆਂ ਨੂੰ ਭਾਰਤ ਅਤੇ 2 ਨੂੰ ਯੂ.ਐਸ.ਏ ਵਿਚ ਗੋਦ ਦਿੱਤਾ ਗਿਆ, ਜਿਸ ਨਾਲ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਵਿਸ਼ਵਾਸਯੋਗਤਾ ਦਰਸਾਈ ਗਈ | ਡਿਪਟੀ ਕਮਿਸ਼ਨਰ ਵਲੋਂ ਚਾਹਵਾਨ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ ਵੀ ਬੱਚਾ ਗੋਦ ਲੈਣਾ ਚਾਹੁੰਦੇ ਹਨ ਉਹ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਆਨਲਾਈਨ ਪੋਰਟਲ ਰਾਹੀਂ ਅਰਜ਼ੀ ਦੇ ਸਕਦੇ ਹਨ ਜਾਂ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ | ਇਸ ਦੇ ਨਾਲ ਹੀ ਸਪਾਂਸਰਸ਼ਿਪ ਅਤੇ ਫੋਸਟਰ ਕੇਅਰ ਕਮੇਟੀ ਦੇ ਯੋਗ ਕੇਸਾਂ ਨੂੰ ਮਨਜ਼ੂਰੀ ਦਿੱਤੀ ਗਈ ਅਤੇ ਬਾਲ ਭਲਾਈ ਕਮੇਟੀ ਦੇ ਕੰਮ ਦੀ ਵੀ ਸਮੀਖਿਆ ਕੀਤੀ ਗਈ | ਮੀਟਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੁੱਲ 66 ਕੇਸਾਂ 'ਤੇ ਕਾਰਵਾਈ ਕੀਤੀ ਗਈ ਹੈ |