ਮਾਨਸਾ, 28 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਸ਼ਹਿਰ ਦੇ 'ਸਕੂਲ ਆਫ਼ ਐਮੀਨੈਂਸ' ਨੇੜੇ ਲੱਗੇ ਕੂੜੇ ਦੇ ਡੰਪ ਦਾ ਮਾਮਲਾ ਮੁੜ ਭਖ ਗਿਆ ਹੈ | ਸਮਾਜ ਸੇਵੀ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਨ ਦੇ ਨਾਲ ਹੀ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਦਖ਼ਲ ਦੇਣ ਦੀ ਮੰਗ ਕੀਤੀ ਹੈ | ਇਸ ਵੀਡੀਓ ਨੂੰ ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਹੋਰਾਂ ਨੇ ਵੀ ਸ਼ੇਅਰ ਕਰ ਕੇ ਵੱਡੇ ਸਵਾਲ ਉਠਾਏ ਹਨ | ਜ਼ਿਕਰਯੋਗ ਹੈ ਕਿ 3 ਮਹੀਨੇ ਪਹਿਲਾਂ ਪੰਜਾਬ ਦੇ ਸਿੱਖਿਆ ਮੰਤਰੀ ਮਾਨਸਾ ਆਏ ਸਨ | ਉਨ੍ਹਾਂ ਸਕੂਲ ਦਾ ਦੌਰਾ ਕਰਨ ਮੌਕੇ ਕੂੜੇ ਦੇ ਡੰਪ ਹਟਾਉਣ ਅਤੇ ਇੱਥੇ ਕੂੜੇ ਦੀ ਕੀਤੀ ਜਾ ਰਹੀ ਰੀਸਾਈਕਿਲੰਗ ਨੂੰ ਬੰਦ ਕਰ ਕੇ ਕਿਤੇ ਹੋਰ ਲਿਜਾਣ ਲਈ ਨਗਰ ਕੌਂਸਲ ਦੇ ਪ੍ਰਧਾਨ ਤੇ ਅਧਿਕਾਰੀਆਂ ਨੂੰ ਕਿਹਾ ਸੀ | ਉਨ੍ਹਾਂ ਨਾਲ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਵੀ ਹਾਜ਼ਰ ਸਨ | ਦੱਸ ਦੇਈਏ ਕਿ ਵਿਦਿਆਰਥੀਆਂ ਲਈ ਮਿਡ-ਡੇ-ਮੀਲ ਦਾ ਖਾਣਾ ਬਣਾਉਣ ਲਈ ਰਸੋਈ ਵੀ ਨੇੜੇ ਹੈ | ਕੂੜੇ ਕਰਕਟ ਕਾਰਨ ਪ੍ਰਦੂਸ਼ਣ ਹੋਣ ਕਰ ਕੇ ਬੱਚਿਆਂ ਤੇ ਅਧਿਆਪਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਿੱਖਿਆ ਮੰਤਰੀ ਵਲੋਂ ਦਿੱਤੇ ਨਿਰਦੇਸ਼ ਅਤੇ ਪਿ੍ੰਟ ਤੇ ਬਿਜਲਈ ਮੀਡੀਆ ਵਲੋਂ ਚੁੱਕੀ ਆਵਾਜ਼ ਨੂੰ ਅਧਿਕਾਰੀਆਂ ਨੇ ਹਵਾ 'ਚ ਹੀ ਉਡਾ ਦਿੱਤਾ | ਕੂੜੇ ਦੇ ਡੰਪ ਕਾਰਨ ਹਰ ਵਕਤ ਸਕੂਲ ਦੇ ਗੇਟ ਨੇੜੇ ਅਵਾਰਾ ਪਸ਼ੂਆਂ ਦਾ ਜਮਾਵੜਾ ਲੱਗਿਆ ਰਹਿੰਦਾ ਹੈ | ਉਨ੍ਹਾਂ ਮੁੱਖ ਸਕੱਤਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਡਿਪਟੀ ਕਮਿਸ਼ਨਰ ਮਾਨਸਾ ਤੇ ਨਗਰ ਕੌਂਸਲ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ 24 ਘੰਟਿਆਂ ਦੇ ਅੰਦਰ-ਅੰਦਰ ਸਕੂਲ ਨੇੜਿਉਂ ਇਹ ਡੰਪ ਹਟਾਇਆ ਜਾਵੇ ਅਤੇ ਵਿੱਦਿਅਕ ਅਦਾਰੇ ਦੇ ਆਲੇ ਦੁਆਲੇ ਸਫ਼ਾਈ ਲਈ ਪੱਕੇ ਤੌਰ 'ਤੇ ਸਫ਼ਾਈ ਕਰਮਚਾਰੀ ਤਾਇਨਾਤ ਕੀਤੇ ਜਾਣ | ਉਨ੍ਹਾਂ ਕਿਹਾ ਕਿ ਇਹ ਲਾਪਰਵਾਹੀ 'ਸਿੱਖਿਆ ਦੇ ਅਧਿਕਾਰ' ਦੀ ਉਲੰਘਣਾ ਦੇ ਨਾਲ ਹੀ ਰਾਜ ਸਰਕਾਰ ਦੀ ਸਿੱਖਿਆ ਕ੍ਰਾਂਤੀ ਦਾ ਮੂੰਹ ਚਿੜਾਉਂਦੀ ਹੈ | ਉੱਧਰ ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਐਲਾਨ ਕੀਤਾ ਹੈ ਕਿ ਜੇਕਰ ਇਹ ਡੰਪ ਜਲਦੀ ਨਾ ਚੁੱਕਿਆ ਗਿਆ ਤਾਂ ਮਈ ਦੇ ਪਹਿਲੇ ਹਫ਼ਤੇ ਤੋਂ ਲਗਾਤਾਰ ਧਰਨਾ ਲਗਾਇਆ ਜਾਵੇਗਾ |