ਤਲਵੰਡੀ ਸਾਬੋ, 5 ਮਈ (ਰਵਜੋਤ ਸਿੰਘ ਰਾਹੀ)-ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਤਲਵੰਡੀ ਸਾਬੋ ਵਲੋਂ ਹਲਕਾ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਦੇ ਦਫ਼ਤਰ ਮੂਹਰੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਬਠਿੰਡਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਨੇ ਕਿਹਾ ਕਿ ਚਾਰ ਸਾਲਾਂ ਬਾਅਦ ਵੀ ਸੂਬਾ ਸਰਕਾਰ ਵਲੋਂ ਆਂਗਣਵਾੜੀ ਵਰਕਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਜੋ ਕਿ ਸਰਾਸਰ ਨਾਇਨਸਾਫ਼ੀ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਵੋਟਾਂ ਵੇਲੇ ਕੀਤੇ ਗਏ ਵਾਅਦੇ ਅਨੁਸਾਰ ਆਂਗਣਵਾੜੀ ਵਰਕਰਾਂ, ਹੈਲਪਰਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇ, ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ, ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ ਵਿਚ ਕੰਮ ਲੈਣ ਵਾਸਤੇ ਆਂਗਣਵਾੜੀ ਵਰਕਰ ਨੂੰ 200 ਰੁਪਏ ਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਣ, ਆਂਗਣਵਾੜੀ ਵਰਕਰਾਂ ਕੋਲੋਂ ਵਾਧੂ ਕੰਮ ਜਿਵੇਂ ਜਨਗਣਨਾ, ਆਰਥਿਕ ਸਰਵੇ, ਡਰੱਗ ਸਰਵੇ ਕਰਾਉਣੇ ਆਦਿ ਬੰਦ ਕੀਤੇ ਜਾਣ, ਆਂਗਣਵਾੜੀ ਕੇਂਦਰਾਂ ਦੇ ਵਿਚ ਆ ਰਿਹਾ ਰਾਸ਼ਨ ਸਰਕਾਰੀ ਅਦਾਰਿਆਂ ਰਾਹੀਂ ਦਿੱਤਾ ਜਾਵੇ, ਆਂਗਣਵਾੜੀ ਵਰਕਰ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਤੇ ਬੱਚੇ ਵਾਪਸ ਆਂਗਣਵਾੜੀ ਕੇਂਦਰਾਂ ਵਿਚ ਭੇਜੇ ਜਾਣ | ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਜਲਦ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਰੋਸ ਪ੍ਰਦਰਸ਼ਨ ਦੌਰਾਨ ਬਲਾਕ ਪ੍ਰਧਾਨ ਬਲਵੀਰ ਕੌਰ ਲਹਿਰੀ, ਬਲਵਿੰਦਰ ਕੌਰ ਜੱਜਲ, ਰਣਜੀਤ ਕੌਰ ਰਾਮਾਂ, ਦਵਿੰਦਰ ਕੌਰ ਰਾਮਾਂ, ਵੀਰਪਾਲ ਕੌਰ ਤਲਵੰਡੀ, ਰਮਨਦੀਪ ਕੌਰ ਲਹਿਰੀ, ਬੇਅੰਤ ਲਹਿਰੀ, ਨਸੀਬ ਕੌਰ ਲਹਿਰੀ, ਸੁਖਦੀਪ ਕੌਰ ਲਹਿਰੀ, ਰਸਪਾਲ ਕੌਰ ਮੈਨੂੰਆਣਾ, ਬਲਵੀਰ ਕੌਰੇਆਣਾ, ਕਿਰਨਾ ਕੌਰੇਆਣਾ, ਸੁਰੇਸ਼ ਤਲਵੰਡੀ, ਮਿਨਾਕਸ਼ੀ ਤਲਵੰਡੀ ਆਦਿ ਮੌਜੂਦ ਸਨ |