ਸੰਗਤ ਮੰਡੀ, 8 ਮਈ (ਅੰਮਿ੍ਤਪਾਲ ਸ਼ਰਮਾ)- ਸੰਗਤ ਬਲਾਕ ਕਾਂਗਰਸ ਦੀ ਪਹਿਲੀ ਮੀਟਿੰਗ ਬਲਾਕ ਪ੍ਰਧਾਨ ਹਰਦੀਪ ਸਿੰਘ ਮੁਹਾਲਾਂ ਦੀ ਅਗਵਾਈ ਹੇਠ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ | ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਸੀਨੀਅਰ ਕਾਂਗਰਸੀ ਆਗੂ ਹਰਦੀਪ ਸਿੰਘ ਮੁਹਾਲਾਂ ਨੂੰ ਬਲਾਕ ਸੰਗਤ ਦੇ ਪ੍ਰਧਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਸੰਗਠਨ ਦੀ ਮਜ਼ਬੂਤੀ ਲਈ ਇਹ ਪਹਿਲੀ ਮੀਟਿੰਗ ਕਰਵਾਈ ਗਈ | ਇਸ ਵਿਚ ਸਾਬਕਾ ਵਿਧਾਇਕ ਪ੍ਰੋ. ਰੁਪਿੰਦਰ ਕੌਰ ਰੂਬੀ, ਡਾ. ਜੀਵਨਜੋਤ ਕੌਰ ਭੱਟੀ, ਹਰਮੇਲ ਸਿੰਘ ਘੁੱਦਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸੰਗਤ, ਹਰਿੰਦਰ ਮਾਨ ਸਾਬਕਾ ਬਲਾਕ ਪ੍ਰਧਾਨ ਅਤੇ ਜਗਜੀਤ ਸਿੰਘ ਰਾਏਕੇ ਕਲਾਂ ਸਾਬਕਾ ਬਲਾਕ ਪ੍ਰਧਾਨ ਹਾਜ਼ਰ ਹੋਏ ਪ੍ਰੰਤੂ ਕੁਝ ਨਾਰਾਜ਼ ਟਕਸਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਇਸ ਮੀਟਿੰਗ ਤੋਂ ਦੂਰੀ ਬਣਾਈ ਰੱਖੀ | ਬਲਾਕ ਪ੍ਰਧਾਨ ਹਰਦੀਪ ਸਿੰਘ ਮੁਹਾਲਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬਲਾਕ ਦੀ ਪਹਿਲੀ ਮੀਟਿੰਗ ਹੈ, ਜਿਸ ਲਈ ਇਲਾਕੇ ਦੇ ਸਾਰੇ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਸੁਨੇਹੇ ਭੇਜੇ ਗਏ ਸਨ ਪ੍ਰੰਤੂ ਫਿਰ ਵੀ ਜੇਕਰ ਕੋਈ ਨਾਰਾਜ਼ ਜਾਂ ਚੁੱਪ ਬੈਠੇ ਵਰਕਰ ਨਹੀਂ ਆਏ ਤਾਂ ਉਨ੍ਹਾਂ ਨੂੰ ਮਨਾ ਕੇ ਨਾਲ ਤੋਰੇ ਜਾਣ ਦੇ ਯਤਨ ਕੀਤੇ ਜਾਣਗੇ | ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਪਾਰਟੀ ਵਰਕਰਾਂ 'ਚ ਜੋਸ਼ ਭਰਦਿਆਂ ਦਾਅਵੇ ਨਾਲ ਕਿਹਾ ਕਿ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਬਠਿੰਡਾ ਦਿਹਾਤੀ ਸ਼ੀਟ ਤੋਂ 15 ਸਾਲਾਂ ਦੇ ਵਕਫ਼ੇ ਮਗਰੋਂ ਮੁੜ ਜਿੱਤ ਪ੍ਰਾਪਤ ਕਰੇਗੀ | ਡਾ. ਜੀਵਨਜੋਤ ਕੌਰ ਭੱਟੀ ਨੇ ਸੰਗਠਨ ਨੂੰ ਪਿੰਡ ਪੱਧਰ 'ਤੇ ਹੋਰ ਮਜ਼ਬੂਤ ਕਰਨ ਦੀ ਲੋੜ 'ਤੇ ਜੋਰ ਦਿੱਤਾ | ਇਸ ਮੌਕੇ ਕਾਂਗਰਸੀ ਆਗੂ ਜਵਾਹਰ ਸਿੰਘ ਨੰਦਗੜ੍ਹ, ਗੁਰਮੀਤ ਸਿੰਘ ਗਹਿਰੀ ਬੁੱਟਰ, ਸੁਖਦੇਵ ਸਿੰਘ ਸਾਬਕਾ ਸਰਪੰਚ ਫੁੱਲੋ ਮਿੱਠੀ, ਗੁਰਦਰਸ਼ਨ ਸਿੰਘ ਪਥਰਾਲਾ, ਵਾਈਸ ਚੇਅਰਮੈਨ ਗੇਜਾ ਸਿੰਘ ਕੋਠੇ ਸੰਗਤ ਕਲਾਂ, ਬਲਜੀਤ ਸਿੰਘ ਨੰਬਰਦਾਰ ਜੈ ਸਿੰਘ ਵਾਲਾ, ਬਲਦੇਵ ਸਿੰਘ ਜੱਸੀ, ਪਵਨ ਸ਼ਰਮਾ ਬਾਂਡੀ, ਪਿਰਥੀ ਸਿੰਘ ਕੋਟਗੁਰੂ, ਸਤੀਸ਼ ਕੁਮਾਰ ਸੰਗਤ ਮੰਡੀ, ਸ਼ੇਰ ਸਿੰਘ ਗਰੇਵਾਲ ਬਾਂਡੀ, ਸ਼ਮਿੰਦਰ ਸਿੰਘ ਕੋਟਗੁਰੂ, ਬਹਾਦਰ ਸਿੰਘ ਕੁਟੀ, ਬਲਦੀਪ ਸਿੰਘ ਚੱਕ ਰੁਲਦੂ ਵਾਲਾ ਆਦਿ ਉਥੇ ਮੌਜੂਦ ਸਨ |