ਮਹਿਰਾਜ, 8 ਮਈ (ਸੁਖਪਾਲ ਮਹਿਰਾਜ)-ਅੰਤਰ ਰਾਸ਼ਟਰੀ ਮਾਂ ਦਿਵਸ ਮੌਕੇ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਹਿਰਾਜ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵਲੋਂ 'ਮਾਂ ਦਿਵਸ' ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੀਤਾ ਅਰੋੜਾ ਨੇ ਯੋਗ ਅਗਵਾਈ ਕੀਤੀ | ਇਸ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵਲੋਂ ਪੈਰਾ ਲੀਗਲ ਵਲੰਟੀਅਰ ਰਾਮ ਸਰੂਪ ਸਿੰਘ ਨੇ ਵਿਦਿਆਰਥਣਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ ਅਤੇ ਸਾਲ 2026 ਵਿਚ ਇਹ 10 ਮਈ ਨੂੰ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦਿਨ ਦੀ ਸ਼ੁਰੂਆਤ ਸਾਲ 1908 ਵਿਚ ਅਮਰੀਕਾ ਵਿਚ ਅੰਨਾ ਜਾਰਵਿਸ ਵਲੋਂ ਆਪਣੀ ਮਾਂ ਦੀ ਯਾਦ ਵਿਚ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਇਸ ਦਿਨ ਲੋਕ ਆਪਣੀ ਮਾਂ ਨੂੰ ਫੁੱਲ, ਕਾਰਡ ਅਤੇ ਤੋਹਫ਼ੇ ਦੇ ਕੇ ਆਪਣਾ ਪਿਆਰ ਪ੍ਰਗਟ ਕਰਦੇ ਹਨ | ਉਨ੍ਹਾਂ ਜਨਮਦਾਤੀ ਮਾਂ ਦੇ ਨਾਲ-ਨਾਲ ਧਰਤੀ ਮਾਂ ਦੀ ਮਹੱਤਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਪ੍ਰੇਰਣਾ ਦਿੱਤੀ | ਇਸ ਮੌਕੇ ਲੋਕ ਅਦਾਲਤ, ਸਥਾਈ ਲੋਕ ਅਦਾਲਤ, ਪੋਕਸੋ ਐਕਟ ਅਤੇ ਡਾਨ ਸਕੀਮ ਬਾਰੇ ਵੀ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਗੀਤਾ ਅਰੋੜਾ, ਹਿਸਾਬ ਅਧਿਆਪਕ ਕੁਲਵੰਤ ਕੌਰ, ਲੈਕਚਰਾਰ ਪੋਲੀਟੀਕਲ ਸਾਇੰਸ ਮਨੋਜ ਕੁਮਾਰ ਅਤੇ ਲੈਕਚਰਾਰ ਇਤਿਹਾਸ ਹਰਵਿੰਦਰ ਸਿੰਘ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ |