ਕੋਟਫੱਤਾ, 24 ਮਈ (ਰਣਜੀਤ ਸਿੰਘ ਬੁੱਟਰ)- ਨਗਰ ਕੋਟਸ਼ਮੀਰ ਦੀ ਸ਼ੇਰਗੜ੍ਹ ਰੋਡ 'ਤੇ ਡੇਰਾ ਟੱਲੇਵਾਲ ਕੋਲ ਖੇਤਾਂ 'ਚ ਰਹਿੰਦੇ ਕਿਸਾਨ ਕੁਲਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ ਦੇ ਘਰ ਤੂੜੀ ਵਾਲੀ ਸਬਾਤ ਨੂੰ ਬਿਜਲੀ ਦੇ ਸ਼ਾਰਟ ਸ਼ਰਕਟ ਕਾਰਨ ਅੱਗ ਲੱਗ ਗਈ | ਜਿਸ ਨਾਲ ਕਿਸਾਨ ਦਾ ਲੱਗਭਗ 4 ਲੱਖ ਦਾ ਨੁਕਸਾਨ ਹੋ ਗਿਆ | ਅੱਗ ਲੱਗਣ ਦਾ ਪਤਾ ਚੱਲਦਿਆਂ ਹੀ ਵੱਡੀ ਗਿਣਤੀ ਨਗਰ ਨਿਵਾਸੀ, ਕੋਟਸ਼ਮੀਰ ਚੌਂਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਬਠਿੰਡਾ ਤੋਂ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ ਤੇ ਕਾਫੀ ਜੱਦੋ ਜ਼ਹਿਦ ਬਾਅਦ ਅੱਗ 'ਤੇ ਕਾਬੂ ਪਾ ਲਿਆ | ਅੱਗ ਬੁਝਾਉਣ ਤੱਕ ਕੁਲਦੀਪ ਸਿੰਘ ਦਾ ਦੋ ਲੱਖ ਰੁਪਏ ਦਾ ਸਪਰੇਅ ਵਾਲਾ ਫੋਮ ਡਰੰਮ, 25 ਟਰਾਲੀਆਂ ਤੂੜੀ ਤੇ ਕਮਰੇ ਦੀ ਛੱਤ ਬੁਰੀ ਤਰ੍ਹਾਂ ਨੁਕਸਾਨੀ ਗਈ | ਨਗਰ ਦੇ ਵੱਡੀ ਗਿਣਤੀ ਨੌਜਵਾਨਾਂ ਨੇ ਅੱਗ ਨੂੰ ਫੈਲਣ ਤੋਂ ਰੋਕਣ ਲਈ ਫਾਇਰ ਬਿ੍ਗੇਡ ਦੀਆਂ ਗੱਡੀਆਂ ਦਾ ਸਾਥ ਦਿੱਤਾ | ਇਸ ਘਟਨਾ ਨਾਲ ਸਪਰੇਅ ਵਾਲਾ ਫੋਮ ਡਰੰਮ ਬੁਰੀ ਤਰ੍ਹਾਂ ਪਿਘਲ ਗਿਆ | ਨਗਰ ਦੇ ਮੋਹਤਬਰਾਂ ਨੇ ਕਿਸਾਨ ਕੁਲਦੀਪ ਸਿੰਘ ਨਾਲ ਵਾਪਰੀ ਇਸ ਘਟਨਾ 'ਤੇ ਡੂੰਘਾ ਅਫ਼ਸੋਸ ਪ੍ਰਗਟਾਉਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਨੂੰ ਉਸ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ |