ਬਠਿੰਡਾ, 24 ਮਈ (ਪ੍ਰੀਤਪਾਲ ਸਿੰਘ ਰੋਮਾਣਾ)- ਬੀਬੀਵਾਲਾ ਰੋਡ ਸਥਿਤ ਪਿੰਡ ਗੋਬਿੰਦਪੁਰਾ ਦੇ ਇਕ ਪੈਟਰੋਲ ਪੰਪ 'ਤੇ ਤੇਲ ਪਵਾਉਣ ਤੋਂ ਬਾਅਦ ਪਿਸਤੌਲ ਦੇ ਜ਼ੋਰ 'ਤੇ ਕਰਮਚਾਰੀਆਂ ਨੂੰ ਧਮਕਾ ਕੇ ਕਾਰ ਭਜਾਉਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਕੈਂਟ ਦੀ ਪੁਲਿਸ ਨੇ ਪੰਪ ਮਾਲਕ ਦੀ ਸ਼ਿਕਾਇਤ 'ਤੇ ਇਕ ਨੂੰ ਨਾਮਜ਼ਦ ਅਤੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਮਾਮਲੇ ਸੰਬੰਧੀ ਥਾਣਾ ਕੈਂਟ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੰਪ ਮਾਲਕ ਤਰਨਪ੍ਰੀਤ ਸਿੰਘ ਵਾਸੀ ਪਿੰਡ ਬੀਬੀਵਾਲਾ ਨੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਬੀਬੀ ਵਾਲਾ ਰੋਡ ਗੋਬਿੰਦਪੁਰਾ ਵਿਖੇ ਇੰਡੀਅਨ ਆਇਲ ਕੰਪਨੀ ਦੇ ਨਾਮ 'ਤੇ ਪੈਟਰੋਲ ਪੰਪ ਹੈ | 22 ਮਈ ਦੀ ਦੁਪਹਿਰ ਸਮੇਂ ਇਕ ਕਾਰ ਵਿਚ ਸਵਾਰ ਚਾਰ ਨੌਜਵਾਨ ਪੰਪ 'ਤੇ ਆਏ ਅਤੇ ਕਾਰ ਵਿਚ 2050 ਰੁਪਏ ਦਾ ਪੈਟਰੋਲ ਪਵਾਇਆ | ਇਸ ਤੋਂ ਬਾਅਦ ਉਹ ਬਿਨਾਂ ਪੈਸੇ ਦਿੱਤੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ | ਜਦੋਂ ਪੰਪ ਦੇ ਸੇਲਜ਼ਮੈਨ ਨੇ ਸਾਵਧਾਨੀ ਦਿਖਾਉਂਦੇ ਹੋਏ ਕਾਰ ਨੂੰ ਰੋਕ ਲਿਆ ਤਾਂ ਕਾਰ ਸਵਾਰ ਇੱਕ ਨੌਜਵਾਨ ਨੇ 32 ਬੋਰ ਦੀ ਪਿਸਤੌਲ ਕੱਢ ਲਈ | ਉਨ੍ਹਾਂ ਕਿਹਾ ਕਿ ਉਸ ਨੇ ਪੰਪ ਮਾਲਕ ਅਤੇ ਸੇਲਜ਼ਮੈਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ | ਜਾਂਚ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੁਲਜ਼ਮਾਂ ਵਿਚੋਂ ਇੱਕ ਦੀ ਪਛਾਣ ਪਿੰਡ ਨਥਾਣਾ ਵਾਸੀ ਆਗਿਆਪਾਲ ਸਿੰਘ ਵਜੋਂ ਹੋਈ ਹੈ, ਜਦਕਿ ਹੋਰ ਤਿੰਨ ਨੌਜਵਾਨਾਂ ਦੀ ਪਛਾਣ ਅਜੇ ਨਹੀਂ ਹੋ ਸਕੀ | ਪੁਲਿਸ ਨੇ ਮਾਮਲਾ ਦਰਜ ਕਰਕੇ ਸਾਰੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |