13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਿਮਰਤਾ ਤੇ ਤਿਆਗ ਦੀ ਮੂਰਤ ਸਨ ਗਿ. ਪੂਰਨ ਸਿੰਘ (ਦਿੱਲੀ ਵਾਲੇ)

Ad Position 21
repet_subhas-goyals [Copy P29]
ਅਜੀਤ ਡੈਸਕ 25-05-2026

ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਭ ਤੋਂ ਛੋਟੇ ਵਿਦਿਆਰਥੀ ਤੇ ਸੰਤ ਮੱਲਾ ਸਿੰਘ ਮੰਗਵਾਲ ਦੇ ਸੱਤਵੇਂ ਗੱਦੀਨਸ਼ੀਨ ਸੰਤ ਗਿਆਨੀ ਪੂਰਨ ਸਿੰਘ ਦੇ ਸੱਚਖੰਡ ਬਿਰਾਜਣ ਨਾਲ ਸਿੱਖ ਪੰਥ ਨੂੰ ਇਕ ਅਜਿਹੇ ਗੁਰਮੁੱਖ ਵਿਦਵਾਨ ਦੀ ਘਾਟ ਪਈ ਹੈ, ਜੋ ਕਦੇ ਪੂਰੀ ਨਹੀਂ ਹੋ ਸਕਦੀ। ਸੰਤ ਗਿਆਨੀ ਪੂਰਨ ਸਿੰਘ ਨੇ ਆਪਣਾ ਸਾਰਾ ਜੀਵਨ ਗੁਰਮਤਿ ਵਿੱਦਿਆ ਦੇ ਅਧਿਐਨ, ਪ੍ਰਚਾਰ ਤੇ ਪਸਾਰ ਨੂੰ ਸਮਰਪਿਤ ਕੀਤਾ। ਉਨ੍ਹਾਂ ਦਾ ਜਨਮ 15 ਫਰਵਰੀ, 1951 ਨੂੰ ਮਾਤਾ ਕੇਸਰ ਕੌਰ ਤੇ ਪਿਤਾ ਗੁਰਦਿੱਤ ਸਿੰਘ ਨੰਬਰਦਾਰ ਦੇ ਘਰ ਹੋਇਆ। ਛੋਟੀ ਉਮਰੇ ਹੀ ਜਦੋਂ ਉਨ੍ਹਾਂ ਦਾ ਮਨ ਸੰਸਾਰਕ ਵਿਹਾਰਾਂ 'ਚ ਨਾ ਲੱਗਾ ਤਾਂ ਪਿੰਡ ਦੇ ਹਰਚਰਨ ਸਿੰਘ ਨੇ ਉਨ੍ਹਾਂ ਨੂੰ ਜਥਾ ਭਿੰਡਰਾਂ ਬਾਰੇ ਦੱਸਿਆ। 7-8 ਸਾਲ ਦੀ ਭੁਝੰਗੀ ਉਮਰ 'ਚ ਹੀ ਉਹ ਘਰ ਤਿਆਗ ਕੇ ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਦੇ ਜਥੇ 'ਚ ਸ਼ਾਮਿਲ ਹੋ ਗਏ। ਮਹਾਂਪੁਰਖਾਂ ਨੇ ਹੀ ਉਨ੍ਹਾਂ ਦਾ ਨਾਂਅ ਸੰਸਕਾਰ ਕਰਕੇ ਪੂਰਨ ਸਿੰਘ ਰੱਖਿਆ। ਇੱਥੋਂ ਹੀ ਉਨ੍ਹਾਂ ਨੇ ਬ੍ਰਹਮ ਵਿੱਦਿਆ ਦੀ ਦਾਤ ਪ੍ਰਾਪਤ ਕੀਤੀ। ਇਸ ਤੋਂ ਬਾਅਦ ਕੁਝ ਸਮਾਂ ਉਨ੍ਹਾਂ ਨੇ ਅੰਮ੍ਰਿਤਸਰ ਦੀ ਸਤੋ ਕੀ ਗਲੀ ਵਾਲੀ ਟਕਸਾਲ ਵਿਖੇ ਵੀ ਵਿੱਦਿਆ ਦਾ ਅਭਿਆਸ ਕੀਤਾ। ਜਦੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਤੋਂ ਜਥੇਦਾਰ ਸੰਤ ਜੋਗਿੰਦਰ ਸਿੰਘ 'ਮੋਨੀ' ਨੇ ਕਥਾਵਾਚਕ ਗਿਆਨੀ ਸਿੰਘ ਦੀ ਬੇਨਤੀ ਕੀਤੀ ਤਾਂ ਇਨ੍ਹਾਂ ਨੂੰ ਇਹ ਮਹਾਨ ਸੇਵਾ ਸੌਂਪੀ ਗਈ। ਉੱਥੇ ਇਨ੍ਹਾਂ ਨੇ ਕਈ ਸਾਲ ਤੱਕ ਗੁਰੂ ਗ੍ਰੰਥ ਸਾਹਿਬ ਤੇ ਦਸਮ ਗ੍ਰੰਥ ਦੀ ਲੜੀਵਾਰ ਕਥਾ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਵੱਡੇ ਮਹਾਂਪੁਰਖਾਂ ਦੇ ਸੱਚਖੰਡ ਬਿਰਾਜਣ ਮਗਰੋਂ ਸੰਤ ਗਿਆਨੀ ਨਿਰੰਜਨ ਸਿੰਘ 'ਵੈਦ ਜੀ' ਇਨ੍ਹਾਂ ਨੂੰ ਆਪਣੇ ਨਾਲ ਬੋਪਰਾਏ ਲੈ ਗਏ।
ਜਦੋਂ ਆਲ ਇੰਡੀਆ ਰੇਡੀਓ ਤੋਂ ਦਸਮ ਗ੍ਰੰਥ ਦਾ ਪਾਠ ਰਿਕਾਰਡ ਕਰਨਾ ਸੀ ਤਾਂ ਸੰਤ ਗਿਆਨੀ ਗੁਰਬਚਨ ਸਿੰਘ ਨੇ ਇਨ੍ਹਾਂ ਨੂੰ ਦਿੱਲੀ ਭੇਜਿਆ। ਉੱਥੇ ਇਨ੍ਹਾਂ ਨੂੰ ਰਾਜਾ ਗੁਲਾਬ ਸਿੰਘ ਸੇਠੀ ਦੇ ਘਰ ਠਹਿਰਾਇਆ ਗਿਆ। ਇੱਥੇ ਜਥੇਦਾਰ ਸੰਤੋਖ ਸਿੰਘ ਦੀ ਬੇਨਤੀ 'ਤੇ ਇਨ੍ਹਾਂ ਨੇ ਦਿੱਲੀ ਦੇ ਇਤਿਹਾਸਕ ਗੁਰਧਾਮਾਂ 'ਚ ਕਥਾ ਕਰਨ ਦੀ ਸੇਵਾ ਨਿਭਾਈ। ਇਨ੍ਹਾਂ ਦੀ ਵਿਦਵਤਾ, ਨਿਮਰਤਾ ਤੇ ਗੁਰਬਾਣੀ ਦੇ ਡੂੰਘੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਮਹੰਤ ਧਰਮ ਸਿੰਘ ਜੋ ਸੰਤ ਮੱਲਾ ਸਿੰਘ ਮੰਗਵਾਲ ਦੇ ਛੇਵੇਂ ਗੱਦੀਨਸ਼ੀਨ ਸਨ, ਆਪ ਨੂੰ ਆਪਣੇ ਡੇਰੇ ਲੈ ਆਏ। ਮਹੰਤ ਦੇ ਸੱਚਖੰਡ ਬਿਰਾਜਣ ਮਗਰੋਂ ਆਪ ਨੂੰ ਸੇਵਾ ਪ੍ਰਾਪਤ ਹੋਈ। ਗੱਦੀਨਸ਼ੀਨ ਹੋਣ ਦੇ ਬਾਵਜੂਦ ਇਨ੍ਹਾਂ ਨੇ ਸਾਦਗੀ, ਨਿਮਰਤਾ ਤੇ ਤਿਆਗ ਨੂੰ ਜੀਵਨ ਦਾ ਅੰਗ ਬਣਾਈ ਰੱਖਿਆ। ਧਰਮ ਯੁੱਧ ਮੋਰਚੇ ਦੌਰਾਨ ਇਨ੍ਹਾਂ ਨੇ ਪੰਥਕ ਜ਼ਿੰਮੇਵਾਰੀ ਨਿਭਾਉਂਦਿਆਂ ਅਕਾਲੀ ਆਗੂਆਂ ਸਮੇਤ ਲਗਭਗ ਦੋ ਸਾਲ ਜੇਲ੍ਹ ਕੱਟੀ। 1992 'ਚ ਉਨ੍ਹਾਂ ਨੇ ਇੰਗਲੈਂਡ ਜਾ ਕੇ ਜਾਪੁ ਸਾਹਿਬ, ਚੰਡੀ ਦੀ ਵਾਰ, ਕਲਕੀ ਅਵਤਾਰ ਤੇ ਹੋਰ ਦਸਮ ਬਾਣੀ ਦੀ ਵਿਸਥਾਰਪੂਰਵਕ ਕਥਾ ਕੀਤੀ। ਆਪ ਦੀ ਤੀਬਰ ਯਾਦਸ਼ਕਤੀ ਦੀ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਸੰਤ ਗਿਆਨੀ ਨਿਰੰਜਨ ਸਿੰਘ ਦੀ ਬਰਸੀ ਸਮਾਗਮ ਮੌਕੇ ਆਪ ਨੇ ਉਹੀ ਸ਼ਬਦ ਦੀ ਕਥਾ ਕੀਤੀ, ਜੋ ਆਪ ਨੇ ਬਚਪਨ 'ਚ ਮਹਾਂਪੁਰਖਾਂ ਤੋਂ ਸਰਵਣ ਕੀਤੀ ਸੀ। ਗੁਰਮਤਿ ਵਿੱਦਿਆ ਦੇ ਪਸਾਰ ਲਈ ਉਨ੍ਹਾਂ ਨੇ ਗੁਰਦੁਆਰਾ ਨਵਾਂ ਡੇਰਾ ਸੰਤਪੁਰਾ, ਤਿਲਕ ਨਗਰ (ਨਵੀਂ ਦਿੱਲੀ) ਅਤੇ ਗੁਰਦੁਆਰਾ ਗੁਰਬਚਨ ਪ੍ਰਕਾਸ਼, ਦਾਲੋ ਮਾਜਰਾ (ਫ਼ਤਹਿਗੜ੍ਹ ਸਾਹਿਬ) ਵਿਖੇ ਵਿੱਦਿਆ ਕੇਂਦਰਾਂ ਦੀ ਉਸਾਰੀ ਕਰਵਾਈ।
ਸੰਤ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਨੇ ਆਪਣੀ ਪੁਸਤਕ 'ਚ ਇਨ੍ਹਾਂ ਬਾਰੇ ਲਿਖਿਆ, 'ਪੂਰਨ ਸਿੰਘ ਜਾਣ ਹੁਡਿਆਰਾ, ਉਮਰ ਭੁਯੰਗੀ ਸ਼ੌਕ ਅਪਾਰਾ।' ਇਹ ਬਚਨ ਆਪ ਦੀ ਵਿੱਦਿਆ ਪ੍ਰਤੀ ਲਗਨ ਤੇ ਆਤਮਿਕ ਅਵਸਥਾ ਦਾ ਪ੍ਰਗਟਾਵਾ ਕਰਦੇ ਹਨ। 11 ਮਈ, 2026 ਨੂੰ ਸੰਤ ਗਿਆਨੀ ਪੂਰਨ ਸਿੰਘ ਸੱਚਖੰਡ ਜਾ ਬਿਰਾਜੇ ਹਨ।

-ਮੋਬਾਈਲ : 07009943745

Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਪੰਪ 'ਤੇ ਪਿਸਤੌਲ ਦਿਖਾ ਕੇ ਕਾਰ ਭਜਾਉਣ ਦੀ ਕੋਸ਼ਿਸ਼, ਚਾਰ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਨਿਸ਼ਕਾਮ ਸੇਵਕ ਸੰਤ ਬਾਬਾ ਖੜਕ ਸਿੰਘ
Ad Position 24